ਓਟਾਵਾ, 16 ਜੁਲਾਈ (ਪੰਜਾਬ ਮੇਲ)- ਕੈਨੇਡਾ ਦੇ ਉੱਤਰ-ਪੱਛਮੀ ਓਨਟਾਰੀਓ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਨੇ ਪੂਰੇ ਦੇਸ਼ ਵਿਚ ਹਾਹਾਕਾਰ ਮਚਾ ਦਿੱਤੀ ਹੈ। ਇਸ ਅੱਗ ਕਾਰਨ ਨਿਕਲੇ ਧੂੰਏਂ ਨੇ ਦੇਸ਼ ਦੀ ਰਾਜਧਾਨੀ ਓਟਾਵਾ ਅਤੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਸਮੇਤ ਕਈ ਖੇਤਰਾਂ ਵਿਚ ਹਵਾ ਦੀ ਗੁਣਵੱਤਾ ਨੂੰ ਬੇਹੱਦ ਖ਼ਰਾਬ ਕਰ ਦਿੱਤਾ ਹੈ।
ਵਾਤਾਵਰਣ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਬੁੱਧਵਾਰ ਨੂੰ ਟੋਰਾਂਟੋ ਦਾ ਏਅਰ ਕੁਆਲਿਟੀ ਇੰਡੈਕਸ ਦੁਨੀਆਂ ਦੇ ਪ੍ਰਮੁੱਖ ਸ਼ਹਿਰਾਂ ਵਿਚੋਂ ਸਭ ਤੋਂ ਖ਼ਰਾਬ ਦਰਜ ਕੀਤਾ ਗਿਆ। ਓਟਾਵਾ ਵਿਚ ਹਵਾ ਵਿਚ ਨਮੀ ਅਤੇ ਅੱਗ ਦੇ ਧੂੰਏਂ ਦੇ ਕਣਾਂ ਕਾਰਨ ਆਸਮਾਨ ਦਾ ਰੰਗ ਪੀਲਾ ਪੈ ਗਿਆ ਹੈ, ਜਿਸ ਕਾਰਨ ਉੱਥੇ ‘ਬਹੁਤ ਉੱਚ ਜ਼ੋਖਮ’ ਵਾਲੀ ਸਿਹਤ ਚੇਤਾਵਨੀ ਜਾਰੀ ਕੀਤੀ ਗਈ ਹੈ।
ਸੋਸ਼ਲ ਮੀਡੀਆ ‘ਤੇ ਇਕ ਭਿਆਨਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਓਨਟਾਰੀਓ ਦੇ ਆਰਮਸਟ੍ਰਾਂਗ ਨੇੜੇ ਕੈਨੇਡੀਅਨ ਨੈਸ਼ਨਲ ਦੀ ਇਕ ਟ੍ਰੇਨ ਅੱਗ ਦੀਆਂ ਉੱਚੀਆਂ ਲਪਟਾਂ ‘ਚ ਘਿਰੀ ਦਿਖਾਈ ਦੇ ਰਹੀ ਹੈ। ਰੇਲਵੇ ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਵੀਡੀਓ ਸਹੀ ਹੈ ਅਤੇ ਟ੍ਰੇਨ ਦੇ ਅਮਲੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਪ੍ਰਭਾਵਿਤ ਹਿੱਸੇ ਵਿਚ ਰੇਲ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ।
ਮੌਜੂਦਾ ਸਮੇਂ ਵਿਚ ਉੱਤਰ-ਪੱਛਮੀ ਓਨਟਾਰੀਓ ਵਿਚ 100 ਤੋਂ ਵੱਧ ਸਰਗਰਮ ਅੱਗਾਂ ਬਲ ਰਹੀਆਂ ਹਨ, ਜਿਸ ਕਾਰਨ ਕਈ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਹਵਾ ਦੇ ਰੁਖ਼ ਕਾਰਨ ਆਉਣ ਵਾਲੇ ਕੁਝ ਦਿਨਾਂ ਤੱਕ ਇਹ ਸੰਘਣੀ ਧੁੰਦ ਅਤੇ ਪ੍ਰਦੂਸ਼ਣ ਬਣਿਆ ਰਹਿ ਸਕਦਾ ਹੈ। ਮਾਹਿਰਾਂ ਅਨੁਸਾਰ ਕੈਨੇਡਾ ਵਿਚ ਤਾਪਮਾਨ ਗਲੋਬਲ ਔਸਤ ਨਾਲੋਂ ਦੁੱਗਣੀ ਤੇਜ਼ੀ ਨਾਲ ਵਧ ਰਿਹਾ ਹੈ, ਜਦੋਂਕਿ ਆਰਕਟਿਕ ਖੇਤਰ ਵਿਚ ਇਹ ਦਰ ਤਿੰਨ ਗੁਣਾ ਜ਼ਿਆਦਾ ਹੈ। ਪਿਛਲੇ ਪੰਜ ਸਾਲਾਂ ਵਿਚ ਕੈਨੇਡਾ ਵਿਚ ਗੰਭੀਰ ਮੌਸਮੀ ਘਟਨਾਵਾਂ ਵਿਚ ਚਿੰਤਾਜਨਕ ਵਾਧਾ ਹੋਇਆ ਹੈ। ਪਿਛਲੇ ਪੰਜ ਸਾਲਾਂ ਵਿਚ ਵਧ ਰਹੀਆਂ ਅੱਗਾਂ, ਸੋਕਾ ਅਤੇ ਹੜ੍ਹ ਵਰਗੀਆਂ ਘਟਨਾਵਾਂ ਇਸ ਗੱਲ ਦਾ ਸੰਕੇਤ ਹਨ ਕਿ ਦੇਸ਼ ਦਾ ਜਲਵਾਯੂ ਤੇਜ਼ੀ ਨਾਲ ਬਦਲ ਰਿਹਾ ਹੈ, ਜੋ ਆਉਣ ਵਾਲੇ ਸਮੇਂ ਵਿਚ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ।
ਕੈਨੇਡਾ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ: ਹਵਾ ਦੀ ਗੁਣਵੱਤਾ ਹੋਈ ਬੇਹੱਦ ਖਰਾਬ

