-ਪੁਲਿਸ ਵੱਲੋਂ ਮੁਹਿੰਮ ਦੀ ਸਮੀਖਿਆ ਜਾਰੀ
ਵਿੰਨੀਪੈੱਗ, 16 ਜੁਲਾਈ (ਪੰਜਾਬ ਮੇਲ)- ਵਿੰਨੀਪੈਗ ਦੇ ਵੈਸਟ ਐਂਡ ਖੇਤਰ ਦੀਆਂ ਕਾਰੋਬਾਰੀ ਸੰਸਥਾਵਾਂ, ਜਾਇਦਾਦ ਮਾਲਕਾਂ, ਵਸਨੀਕਾਂ ਅਤੇ ਸਮਾਜਿਕ ਜਥੇਬੰਦੀਆਂ ਨੇ ਸ਼ਹਿਰ ਵਿਚ ਖੁੱਲ੍ਹੇਆਮ ਨਸ਼ਿਆਂ ਦੀ ਵਰਤੋਂ ਅਤੇ ਨਸ਼ਾ ਤਸਕਰੀ ਵਿਰੁੱਧ ਵਿੰਨੀਪੈਗ ਪੁਲਿਸ ਦੀ 10 ਦਿਨਾਂ ਦੀ ਵਿਸ਼ੇਸ਼ ਮੁਹਿੰਮ ਨੂੰ ਜਾਰੀ ਰੱਖਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਵਧ ਰਹੀ ਹਿੰਸਾ ਅਤੇ ਅਪਰਾਧ ਕਾਰਨ ਲੋਕਾਂ ਦਾ ਰੋਜ਼ਾਨਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਸਖ਼ਤ ਪੁਲਿਸ ਕਾਰਵਾਈ ਨਾਲ ਹੀ ਹਾਲਾਤ ਵਿਚ ਸੁਧਾਰ ਆਇਆ ਹੈ।
ਵੈਸਟ ਐਂਡ ਬਿਜ਼ਨੈੱਸ ਇੰਪਰੂਵਮੈਂਟ ਜ਼ੋਨ (ਬੀ.ਆਈ.ਜ਼ੈੱਡ), ਲਾਇਨਜ਼ ਮੈਨਰ, ਵਿੰਨੀਪੈਗ ਸਕੂਲ ਡਿਵੀਜ਼ਨ, ਵੈਸਟ ਬਰਾਡਵੇ ਯੂਥ ਆਊਟਰੀਚ, ‘ਜਸਟ ਲਾਇਕ ਨਿਊ ਟੂ ਯੂ’ ਥ੍ਰਿਫਟ ਸ਼ਾਪ ਅਤੇ ਹੋਰ ਸੰਸਥਾਵਾਂ ਵੱਲੋਂ ਜਾਰੀ ਸਾਂਝੇ ਖੁੱਲ੍ਹੇ ਪੱਤਰ ਵਿਚ ਕਿਹਾ ਗਿਆ ਹੈ ਕਿ ਪਿਛਲੇ ਪੰਜ ਮਹੀਨਿਆਂ ਦੌਰਾਨ ਦਿਨ-ਦਿਹਾੜੇ ਲੁੱਟ-ਖੋਹ, ਚਾਕੂਬਾਜ਼ੀ, ਕਾਰੋਬਾਰਾਂ ਵਿਚ ਸੇਂਧਮਾਰੀ, ਦੁਕਾਨਾਂ ਦੇ ਬਾਹਰ ਅੱਗਜ਼ਨੀ, ਬੱਚਿਆਂ ਤੇ ਬਜ਼ੁਰਗਾਂ ਨੂੰ ਧਮਕੀਆਂ ਅਤੇ ਸਿਹਤ ਕਰਮੀਆਂ ਤੇ ਵਲੰਟੀਅਰਾਂ ‘ਤੇ ਹਮਲਿਆਂ ਵਿਚ ਚਿੰਤਾਜਨਕ ਵਾਧਾ ਹੋਇਆ ਹੈ।
ਪੱਤਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਕਈ ਥਾਵਾਂ ‘ਤੇ ਲੋਕਾਂ ਨੂੰ ਫਾਸਟ-ਫੂਡ ਰੈਸਟੋਰੈਂਟਾਂ, ਬੱਸ ਸ਼ੈਲਟਰਾਂ ਅਤੇ ਕਾਰੋਬਾਰੀ ਅਦਾਰਿਆਂ ਦੇ ਬਾਹਰ ਨਸ਼ਿਆਂ ਦੀ ਵਰਤੋਂ ਕਰਦੇ ਵਿਅਕਤੀਆਂ ਦੇ ਕੋਲੋਂ ਲੰਘ ਕੇ ਜਾਣਾ ਪੈਂਦਾ ਹੈ। ਕਿਨਜ਼ਮੈਨ ਸ਼ੇਰਬਰੁੱਕ ਪੂਲ ਵਿਚ ਸੁਰੱਖਿਆ ਵਧਾਉਣ ਲਈ ਰਿਮੋਟ-ਕੰਟਰੋਲ ਦਰਵਾਜ਼ੇ ਲਗਾਉਣੇ ਪਏ, ਜਦਕਿ ਗੋਰਡਨ ਬੈੱਲ ਹਾਈ ਸਕੂਲ, ਡੇਅ-ਕੇਅਰ ਕੇਂਦਰਾਂ, ਵਿੰਨੀਪੈਗ ਯੂਨੀਵਰਸਿਟੀ ਅਤੇ ਲਾਇਨਜ਼ ਮੈਨਰ ਦੇ ਆਲੇ-ਦੁਆਲੇ ਵੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧੀ ਹੈ।
ਵੈਸਟ ਐਂਡ ਬੀ.ਆਈ.ਜ਼ੈੱਡ ਦੇ ਕਾਰਜਕਾਰੀ ਨਿਰਦੇਸ਼ਕ ਜੋਅ ਕੋਰਨਲਸਨ ਨੇ ਕਿਹਾ ਕਿ ਭਾਵੇਂ ਨਸ਼ਾਖੋਰੀ ਦਾ ਹੱਲ ਸਿਰਫ਼ ਪੁਲਿਸ ਕਾਰਵਾਈ ਨਹੀਂ ਹੈ, ਪਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਾਨੂੰਨ ਦੀ ਸਖ਼ਤੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਤੁਰੰਤ ਪੁਲਿਸ ਕਾਰਵਾਈ ਦੇ ਨਾਲ-ਨਾਲ ਨਸ਼ਿਆਂ ਦੀ ਲਤ, ਮਾਨਸਿਕ ਸਿਹਤ ਅਤੇ ਗ਼ਰੀਬੀ ਵਰਗੇ ਮੂਲ ਕਾਰਨਾਂ ਦੇ ਹੱਲ ਲਈ ਵੀ ਲੰਮੀ ਮਿਆਦ ਦੀ ਰਣਨੀਤੀ ਅਪਣਾਈ ਜਾਣੀ ਚਾਹੀਦੀ ਹੈ।
ਦੂਜੇ ਪਾਸੇ, ਵੈਸਟ ਸੈਂਟਰਲ ਵਿਮੈਨ ਰਿਸੋਰਸ ਸੈਂਟਰ ਅਤੇ ਰਿਸੋਰਸ ਅਸਿਸਟੈਂਸ ਫ਼ਾਰ ਯੂਥ ਸਮੇਤ ਕੁਝ ਆਊਟਰੀਚ ਸੰਸਥਾਵਾਂ ਨੇ ਇਸ ਮੁਹਿੰਮ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਖ਼ਤ ਪੁਲਿਸ ਕਾਰਵਾਈ ਨਾਲ ਨਸ਼ਿਆਂ ਦੇ ਆਦੀ ਲੋਕ ਜਨਤਕ ਥਾਵਾਂ ਤੋਂ ਹਟ ਕੇ ਅਜਿਹੇ ਸਥਾਨਾਂ ‘ਤੇ ਚਲੇ ਜਾਂਦੇ ਹਨ, ਜਿੱਥੇ ਉਨ੍ਹਾਂ ਤੱਕ ਸਿਹਤ ਅਤੇ ਸਹਾਇਤਾ ਸੇਵਾਵਾਂ ਦੀ ਪਹੁੰਚ ਮੁਸ਼ਕਲ ਹੋ ਜਾਂਦੀ ਹੈ।
ਵਿੰਨੀਪੈਗ ਪੁਲਿਸ ਨੇ ਇਹ ਮੁਹਿੰਮ 24 ਜੂਨ ਤੋਂ 3 ਜੁਲਾਈ ਤੱਕ ਲੋਕਾਂ ਅਤੇ ਕਾਰੋਬਾਰੀਆਂ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਚਲਾਈ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਹਿੰਮ ਦੇ ਨਤੀਜਿਆਂ ਅਤੇ ਲੋਕਾਂ ਤੋਂ ਮਿਲੀ ਪ੍ਰਤੀਕਿਰਿਆ ਦੀ ਸਮੀਖਿਆ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਰਣਨੀਤੀ ਬਾਰੇ ਫ਼ੈਸਲਾ ਲਿਆ ਜਾਵੇਗਾ।
ਵਿੰਨੀਪੈਗ ‘ਚ ਕਾਰੋਬਾਰੀ ਖੁੱਲ੍ਹੇਆਮ ਨਸ਼ਿਆਂ ਵਿਰੁੱਧ ਪੁਲਿਸ ਦੀ ਸਖ਼ਤ ਮੁਹਿੰਮ ਵਧਾਉਣ ਦੀ ਮੰਗ ‘ਤੇ ਅੜੇ

