#AMERICA

ਭਾਰਤੀ-ਅਮਰੀਕੀ ਅਨਿਲ ਮੇਨਨ 8 ਮਹੀਨਿਆਂ ਦੇ ਮਿਸ਼ਨ ‘ਤੇ ਪੁਲਾੜ ਰਵਾਨਾ

‘ਮਾਈਕ੍ਰੋਗ੍ਰੈਵਿਟੀ’ ਦੇ ਪ੍ਰਭਾਵਾਂ ਦੀ ਕਰਨਗੇ ਖੋਜ
ਬੈਕੋਨੂਰ, 15 ਜੁਲਾਈ  (ਪੰਜਾਬ ਮੇਲ)- ਭਾਰਤੀ ਮੂਲ ਦੇ ਅਮਰੀਕੀ ਪੁਲਾੜ ਯਾਤਰੀ ਅਨਿਲ ਮੇਨਨ ਅੱਠ ਮਹੀਨਿਆਂ ਦੇ ਲੰਬੇ ਪੁਲਾੜ ਮਿਸ਼ਨ ਲਈ ਰਵਾਨਾ ਹੋ ਗਏ ਹਨ। ਅਨਿਲ ਮੇਨਨ ਦੇ ਨਾਲ ਦੋ ਰੂਸੀ ਪੁਲਾੜ ਯਾਤਰੀ, ਪਿਓਤਰ ਦੁਬਰੋਵ ਅਤੇ ਅੰਨਾ ਕਿਕਿਨਾ ਵੀ ਕਜ਼ਾਕਿਸਤਾਨ ਦੇ ਬੈਕੋਨੂਰ ਕੋਸਮੋਡਰੋਮ ਤੋਂ ਸੋਯੂਜ਼ ਐੱਮ.ਐੱਸ.-29 ਸਪੇਸਕ੍ਰਾਫਟ ਰਾਹੀਂ ਪੁਲਾੜ ਲਈ ਰਵਾਨਾ ਹੋਏ।
ਰੋਸਕੋਸਮੋਸ ਦਾ ਇਹ ਸਪੇਸਕ੍ਰਾਫਟ ਭਾਰਤੀ ਸਮੇਂ ਅਨੁਸਾਰ ਰਾਤ 8:17 ਵਜੇ ਰਵਾਨਾ ਹੋਇਆ। ਲਗਭਗ ਤਿੰਨ ਘੰਟਿਆਂ ਦੀ ਯਾਤਰਾ ਤੋਂ ਬਾਅਦ, ਇਹ ਰਾਤ 11:56 ਵਜੇ ਇੰਟਰਨੈਸ਼ਨਲ ਸਪੇਸ ਸਟੇਸ਼ਨ (ਐੱਸ.ਐੱਸ.ਆਈ.) ਦੇ ਪ੍ਰਿਚਲ ਮੋਡੀਊਲ ਨਾਲ ਆਪਣੇ-ਆਪ ਜੁੜ ਜਾਵੇਗਾ। ਨਾਸਾ ਅਨੁਸਾਰ, ਇਹ ਅਨਿਲ ਮੇਨਨ ਦੀ ਪਹਿਲੀ ਪੁਲਾੜ ਉਡਾਣ ਹੈ।
ਐਮਰਜੈਂਸੀ ਅਤੇ ਐਰੋਸਪੇਸ ਮੈਡੀਸਨ ਦੇ ਮਾਹਿਰ ਡਾਕਟਰ ਅਨਿਲ ਮੇਨਨ ਇਸ ਮਿਸ਼ਨ ਦੌਰਾਨ ਇਕ ਖੋਜਕਰਤਾ ਦੇ ਨਾਲ-ਨਾਲ ਖੁਦ ਇਕ ‘ਟੈਸਟ ਸਬਜੈਕਟ’ (ਜਿਸ ‘ਤੇ ਪ੍ਰਯੋਗ ਕੀਤੇ ਜਾਣਗੇ) ਵਜੋਂ ਵੀ ਭੂਮਿਕਾ ਨਿਭਾਉਣਗੇ। ਉਨ੍ਹਾਂ ਦੀ ਖੋਜ ਦਾ ਮੁੱਖ ਕੇਂਦਰ ਮਨੁੱਖੀ ਸਰੀਰ ‘ਤੇ ਮਾਈਕ੍ਰੋਗ੍ਰੈਵਿਟੀ (ਭਾਰਹੀਣਤਾ) ਦੇ ਪ੍ਰਭਾਵਾਂ ਦਾ ਅਧਿਐਨ ਕਰਨਾ ਹੈ। ਉਹ ਇਹ ਦੇਖਣਗੇ ਕਿ ਲੰਬੇ ਸਮੇਂ ਤੱਕ ਪੁਲਾੜ ਵਿਚ ਰਹਿਣ ਨਾਲ ਖੂਨ ਦੇ ਪ੍ਰਵਾਹ, ਨਸਾਂ ਦੀ ਬਣਤਰ ਅਤੇ ਖੂਨ ਦੀ ਰਚਨਾ ‘ਤੇ ਕੀ ਅਸਰ ਪੈਂਦਾ ਹੈ।
ਇਸ ਤੋਂ ਇਲਾਵਾ, ਉਹ ਆਗਮੈਂਟੇਡ ਰਿਐਲਿਟੀ (ਏ.ਆਰ.) ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਮਦਦ ਨਾਲ ਅਲਟਰਾਸਾਊਂਡ ਜਾਂਚ ਕਰਨਗੇ, ਤਾਂ ਜੋ ਭਵਿੱਖ ਦੇ ਮਿਸ਼ਨਾਂ ਵਿਚ ਧਰਤੀ ਤੋਂ ਮੈਡੀਕਲ ਸਹਾਇਤਾ ਦੀ ਲੋੜ ਨੂੰ ਘਟਾਇਆ ਜਾ ਸਕੇ।
ਮਿਸ਼ਨ ਦੌਰਾਨ ਅਨਿਲ ਮੇਨਨ ਕਈ ਅਹਿਮ ਪ੍ਰਯੋਗਾਂ ਦਾ ਹਿੱਸਾ ਬਣਨਗੇ, ਜਿਸ ਵਿਚ
ਸੈਮੀਕੰਡਕਟਰ ਉਤਪਾਦਨ: ਪੁਲਾੜ ਦੇ ਭਾਰਹੀਣ ਵਾਤਾਵਰਣ ਵਿਚ ਉੱਚ-ਗੁਣਵੱਤਾ ਵਾਲੇ ਸੈਮੀਕੰਡਕਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜੋ ਏ.ਆਈ. ਅਤੇ ਬਿਹਤਰ ਮੈਡੀਕਲ ਡਿਵਾਈਸਾਂ ਲਈ ਵਰਤੇ ਜਾਣਗੇ।
ਬਾਇਓਪ੍ਰਿੰਟਿੰਗ: ਮਾਈਕ੍ਰੋਗ੍ਰੈਵਿਟੀ ਵਿਚ ਜਟਿਲ ਜੈਵਿਕ ਟਿਸ਼ੂ ਬਣਾਉਣ ਦੀ ਪ੍ਰਕਿਰਿਆ ਦੀ ਜਾਂਚ ਕੀਤੀ ਜਾਵੇਗੀ।
ਆਈ.ਵੀ. ਫਲੂਇਡ ਤਕਨੀਕ: ਪੁਲਾੜ ਸਟੇਸ਼ਨ ਦੇ ਪੀਣ ਵਾਲੇ ਪਾਣੀ ਦੀ ਵਰਤੋਂ ਕਰਕੇ ਇੰਟਰਾਵੇਨਸ ਫਲੂਇਡ (ਆਈ.ਵੀ. ਫਲੂਇਡ) ਬਣਾਉਣ ਵਾਲੀ ਤਕਨੀਕ ਦਾ ਟੈਸਟ ਕੀਤਾ ਜਾਵੇਗਾ।
ਇਸ 8 ਮਹੀਨਿਆਂ ਦੇ ਮਿਸ਼ਨ ਤੋਂ ਇਕੱਠਾ ਕੀਤਾ ਗਿਆ ਡਾਟਾ ਨਾਸਾ ਦੇ ‘ਆਰਟੇਮਿਸ ਪ੍ਰੋਗਰਾਮ’ ਲਈ ਬਹੁਤ ਮਹੱਤਵਪੂਰਨ ਹੋਵੇਗਾ। ਇਹ ਜਾਣਕਾਰੀ ਚੰਦਰਮਾ ਅਤੇ ਮੰਗਲ ਗ੍ਰਹਿ ‘ਤੇ ਭਵਿੱਖ ਦੇ ਮਾਨਵ ਮਿਸ਼ਨਾਂ ਨੂੰ ਵਧੇਰੇ ਸੁਰੱਖਿਅਤ ਅਤੇ ਟਿਕਾਊ ਬਣਾਉਣ ਵਿਚ ਮਦਦ ਕਰੇਗੀ।