#PUNJAB

ਜਸਵੰਤ ਸਿੰਘ ਖਾਲੜਾ ਤੇ ਹੋਰ ਬੇਕਸੂਰ ਲੋਕਾਂ ਲਈ 30 ਸਾਲਾਂ ਬਾਅਦ ਹੋਈ ਸਮੂਹਿਕ ਅਰਦਾਸ

ਤਰਨਤਾਰਨ, 15 ਜੁਲਾਈ (ਪੰਜਾਬ ਮੇਲ)- 1984 ਤੇ ਉਸ ਤੋਂ ਬਾਅਦ ਮਾਰੇ ਗਏ ਬੇਕਸੂਰ ਲੋਕਾਂ ਅਤੇ ਉਨ੍ਹਾਂ ਦੀ ਜਾਣਕਾਰੀ ਦੁਨੀਆਂ ਸਾਹਮਣੇ ਰੱਖਣ ਵਾਲੇ ਜਸਵੰਤ ਸਿੰਘ ਖਾਲੜਾ ਦੀ ਯਾਦ ‘ਚ ਤਕਰੀਬਨ 30 ਸਾਲਾਂ ਬਾਅਦ ਸਤਲੁਜ ਦਰਿਆ ਦੇ ਕੰਢੇ ਹਰੀਕੇ ਪੱਤਣ ਵਿਖੇ ਸਮੂਹਿਕ ਅਰਦਾਸ ਕਰਵਾਈ ਗਈ। ਇਸ ਤੋਂ ਪਹਿਲਾਂ ਹਰੀਕੇ ਪੱਤਣ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਸਵੰਤ ਸਿੰਘ ਖਾਲੜਾ ਤੇ ਹੋਰ ਬੇਕਸੂਰ ਸਿੱਖਾਂ ਨੂੰ ਯਾਦ ਕਰਦਿਆਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ।
ਦਰਅਸਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਵਿਸ਼ੇਸ਼ ਸਮਾਗਮਾਂ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਸਮਾਗਮ ਦੌਰਾਨ ਜਸਵੰਤ ਸਿੰਘ ਖਾਲੜਾ ਅਤੇ ਉਸ ਦੌਰ ਵਿਚ ਜਾਣ ਗਵਾਉਣ ਵਾਲੇ ਹੋਰ ਬੇਕਸੂਰ ਲੋਕਾਂ ਦੀ ਆਤਮਿਕ ਸ਼ਾਂਤੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਵਾਉਣ ਲਈ ਅਰਦਾਸ ਕੀਤੀ ਜਾਵੇਗੀ। ਜਥੇਦਾਰ ਸਾਹਿਬ ਨੇ ਆਖਿਆ ਸੀ ਕਿ ਪੰਜਾਬ ਅੰਦਰ ਸਰਕਾਰੀ ਅਤੇ ਪੁਲਿਸ ਜ਼ਿਆਦਤੀਆਂ ਦਾ ਸ਼ਿਕਾਰ ਹੋਏ ਬੇਕਸੂਰ ਨੌਜਵਾਨਾਂ, ਬੀਬੀਆਂ , ਬਜ਼ੁਰਗਾਂ ਅਤੇ ਬੱਚਿਆਂ ਦੀ ਆਤਮਿਕ ਸ਼ਾਂਤੀ ਲਈ ਅੱਜ ਤੱਕ ਸਮੂਹਿਕ ਅਰਦਾਸ ਨਹੀਂ ਹੋਈ ਅਤੇ ਬਹੁਤੀਆਂ ਪੀੜਤ ਮਾਵਾਂ ਤੇ ਭੈਣਾਂ ਅੱਜ ਵੀ ਨਹੀਂ ਜਾਣਦੀਆਂ ਕਿ ਉਨ੍ਹਾਂ ਦੇ ਪੁੱਤਰਾਂ ਤੇ ਭਰਾਵਾਂ ਨਾਲ ਕੀ ਬੀਤੀ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਪੰਜਾਬ ਨਾਲ ਜੋ ਵਾਪਰਿਆ, ਉਹ ਦੁਨੀਆਂ ਦੇ ਸਾਹਮਣੇ ਆਵੇ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲੇ।
ਇਸ ਸਬੰਧੀ ਸਮਾਗਮਾਂ ਦੌਰਾਨ ਪਹਿਲਾਂ ਹਰੀਕੇ ਪੱਤਣ ਵਿਖੇ ਪਾਲਕੀ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕਰ ਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਇਸ ਮਗਰੋਂ ਗੁਰਬਾਣੀ ਕੀਰਤਨ ਉਪਰੰਤ ਅਰਦਾਸ ਕੀਤੀ ਗਈ।