#AMERICA

ਕੈਲੀਫੋਰਨੀਆ ਵਿੱਚ ਜੀਪ ਡਰਾਈਵਰ ਨੂੰ ਸੈਮੀ-ਟਰੱਕ ਨੂੰ ਬ੍ਰੇਕ-ਚੈੱਕ ਕਰਨਾ ਪਿਆ ਮਹਿੰਗਾ, 60 ਦਿਨ ਦੀ ਜੇਲ੍ਹ

ਸੈਨ ਹੋਜ਼ੇ, ਕੈਲੀਫੋਰਨੀਆ, 12 ਜੁਲਾਈ  (ਪੰਜਾਬ ਮੇਲ)-  ਕੈਲੀਫੋਰਨੀਆ ਵਿੱਚ ਇੱਕ ਜੀਪ ਡਰਾਈਵਰ ਨੂੰ ਸੜਕ ‘ਤੇ ਗੁੱਸਾ ਦਿਖਾਉਣਾ ਅਤੇ ਬੀਮਾ ਕੰਪਨੀ ਨਾਲ ਕਥਿਤ ਧੋਖਾਧੜੀ ਕਰਨ ਦੀ ਕੋਸ਼ਿਸ਼ ਮਹਿੰਗੀ ਪੈ ਗਈ। ਟਰੱਕ ਦੇ ਡੈਸ਼ਕੈਮ ਵਿੱਚ ਕੈਦ ਹੋਈ ਵੀਡੀਓ ਦੇ ਆਧਾਰ ‘ਤੇ ਅਦਾਲਤ ਨੇ ਉਸ ਨੂੰ 60 ਦਿਨ ਕਾਊਂਟੀ ਜੇਲ੍ਹਦੋ ਸਾਲ ਦੀ ਪ੍ਰੋਬੇਸ਼ਨ ਅਤੇ 4,000 ਡਾਲਰ ਤੋਂ ਵੱਧ ਮੁਆਵਜ਼ਾ ਅਦਾ ਕਰਨ ਦੇ ਹੁਕਮ ਦਿੱਤੇ ਹਨ।

ਅਧਿਕਾਰੀਆਂ ਮੁਤਾਬਕ, ਜਨਵਰੀ 2025 ਵਿੱਚ ਕੇਨੇਥ ਫਾਮ ਟ੍ਰੈਨ ਨਾਂ ਦੇ ਡਰਾਈਵਰ ਨੇ ਹਾਈਵੇ 101 ‘ਤੇ ਇੱਕ ਸੈਮੀ-ਟਰੱਕ ਦੇ ਸਾਹਮਣੇ ਕਈ ਵਾਰ ਜਾਣਬੁੱਝ ਕੇ ਅਚਾਨਕ ਬ੍ਰੇਕ ਲਗਾਈ (Brake Check)। ਟਰੱਕ ਡਰਾਈਵਰ ਨੇ ਬਚਣ ਦੀ ਕੋਸ਼ਿਸ਼ ਕੀਤੀ, ਪਰ ਆਖ਼ਰਕਾਰ ਟਰੱਕ ਜੀਪ ਨਾਲ ਟਕਰਾ ਗਿਆ। ਇਹ ਸਾਰੀ ਘਟਨਾ ਟਰੱਕ ਦੇ ਡੈਸ਼ਕੈਮ ਵਿੱਚ ਰਿਕਾਰਡ ਹੋ ਗਈ।

ਹਾਦਸੇ ਤੋਂ ਬਾਅਦ ਜੀਪ ਡਰਾਈਵਰ ਨੇ ਪੁਲਿਸ ਅਤੇ ਆਪਣੀ ਬੀਮਾ ਕੰਪਨੀ ਨੂੰ ਦੱਸਿਆ ਕਿ ਟਰੱਕ ਦੀ ਗਲਤੀ ਕਾਰਨ ਹਾਦਸਾ ਹੋਇਆ ਅਤੇ ਉਸ ਨੇ ਬੀਮੇ ਦੀ ਰਕਮ ਲੈਣ ਲਈ ਕਲੇਮ ਵੀ ਦਾਇਰ ਕਰ ਦਿੱਤਾ। ਪਰ ਡੈਸ਼ਕੈਮ ਵੀਡੀਓ ਅਤੇ ਇੱਕ ਚਸ਼ਮਦੀਦ ਗਵਾਹ ਦੇ ਬਿਆਨ ਨੇ ਉਸ ਦਾ ਦਾਅਵਾ ਝੂਠਾ ਸਾਬਤ ਕਰ ਦਿੱਤਾ।

ਜਿਊਰੀ ਨੇ ਉਸ ਨੂੰ ਫੈਲੋਨੀ ਇੰਸ਼ੋਰੈਂਸ ਫਰਾਡਫੈਲੋਨੀ ਵੈਂਡਲਿਜ਼ਮ ਅਤੇ ਲਾਪਰਵਾਹ ਡਰਾਈਵਿੰਗ ਦਾ ਦੋਸ਼ੀ ਕਰਾਰ ਦਿੱਤਾ। ਕੈਲੀਫੋਰਨੀਆ ਇੰਸ਼ੋਰੈਂਸ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਮਾਮਲੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਂਦੇ ਹਨ ਅਤੇ ਬੀਮੇ ਦੀਆਂ ਕੀਮਤਾਂ ਵੀ ਵਧਾਉਂਦੇ ਹਨ।