ਖੋਜ ਅਤੇ ਬਚਾਅ ਕਾਰਜ ਲਗਾਤਾਰ ਜਾਰੀ: ਭਾਰਤੀ ਦੂਤਾਵਾਸ
ਨਵੀਂ ਦਿੱਲੀ, 11 ਜੁਲਾਈ (ਪੰਜਾਬ ਮੇਲ)- ਵੀਅਤਨਾਮ ਦੇ ਫੂ ਕੁਓਕ ਟਾਪੂ ਨੇੜੇ ਸ਼ਨਿੱਚਰਵਾਰ ਨੂੰ ਕਈ ਭਾਰਤੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ। ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ 15 ਲੋਕਾਂ ਦੀ ਮੌਤ ਹੋ ਚੁੱਕੀ ਹੈ, ਹਾਲਾਂਕਿ, ਭਾਰਤੀ ਦੂਤਾਵਾਸ ਵੱਲੋਂ ਅਜੇ ਤੱਕ ਮ੍ਰਿਤਕਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਹਨੋਈ ਸਥਿਤ ਭਾਰਤੀ ਦੂਤਾਵਾਸ ਨੇ ਐਕਸ ‘ਤੇ ਇੱਕ ਪੋਸਟ ਵਿਚ ਕਿਹਾ, ”ਇੱਕ ਦਰਦਨਾਕ ਹਾਦਸੇ ਵਿਚ, ਵੀਅਤਨਾਮ ਦੇ ਫੂ ਕੁਓਕ ਟਾਪੂ ਨੇੜੇ ਕਈ ਭਾਰਤੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ ਹੈ।”
ਭਾਰਤੀ ਮਿਸ਼ਨ ਵੱਲੋਂ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਕਿਉਂਕਿ ਖੋਜ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ।
ਦੂਤਾਵਾਸ ਨੇ ਕਿਹਾ ਕਿ ਸਥਾਨਕ ਅਧਿਕਾਰੀਆਂ ਵੱਲੋਂ ਹਾਦਸੇ ਦੇ ਪੁਖ਼ਤਾ ਵੇਰਵਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਪੋਸਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਹੋ ਚੀ ਮਿਨਹ ਸਿਟੀ ਵਿਚ ਭਾਰਤ ਦੇ ਕੌਂਸਲੇਟ ਜਨਰਲ ਅਤੇ ਹਨੋਈ ਵਿਚ ਦੂਤਾਵਾਸ ਵਿਖੇ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਪਹਿਲੇ ਕੰਟਰੋਲ ਰੂਮ ਦੇ ਇਨ੍ਹਾਂ ਨੰਬਰਾਂ +84 36 281 7930, +84 91 552 37 14 ਅਤੇ +84 33 452 0414 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਹਨੋਈ ਵਿਚ ਬਣਾਏ ਗਏ ਦੂਜੇ ਕੰਟਰੋਲ ਰੂਮ ਨਾਲ ਸੰਪਰਕ ਕਰਨ ਲਈ +84 91 308 9165 ‘ਤੇ ਫ਼ੋਨ ਕੀਤਾ ਜਾ ਸਕਦਾ ਹੈ।
ਭਾਰਤੀ ਮਿਸ਼ਨ ਨੇ ਕਿਹਾ ਕਿ ਇਹ ਨੰਬਰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਅਤੇ ਪੁੱਛਗਿੱਛ ਲਈ ਉਪਲਬਧ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਵਿਚ 32 ਭਾਰਤੀ ਸੈਲਾਨੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ।
ਸਥਾਨਕ ਰੋਜ਼ਾਨਾ ਅਖ਼ਬਾਰ ‘ਵੀ.ਐੱਨ.ਐਕਸਪ੍ਰੈਸ’ ਨੇ ਰਿਪੋਰਟ ਦਿੱਤੀ ਹੈ ਕਿ ਜਦੋਂ ਇਹ ਸਪੀਡਬੋਟ ਹੌਨ ਮੇ ਰੂਟ ਟਾਪੂ ਤੋਂ ਐਨ ਥੋਈ ਬੰਦਰਗਾਹ ਵੱਲ ਜਾ ਰਹੀ ਸੀ, ਤਾਂ ਤੱਟ ਤੋਂ ਕਰੀਬ 400 ਮੀਟਰ ਦੂਰ ਪਲਟ ਗਈ।
ਵੀਅਤਨਾਮ ‘ਚ ਕਿਸ਼ਤੀ ਪਲਟਣ ਕਾਰਨ 15 ਭਾਰਤੀ ਸੈਲਾਨੀਆਂ ਦੀ ‘ਮੌਤ ਦਾ ਖ਼ਦਸ਼ਾ’

