#PUNJAB

ਪੰਜਾਬ ਕਾਂਗਰਸ ਟਕਰਾਅ: ਭੁਪੇਸ਼ ਬਘੇਲ ਦੇ ਦੌਰੇ ਵਿਚਾਲੇ ਕਾਂਗਰਸ ‘ਚ ਖਾਨਾਜੰਗੀ ਉੱਭਰੀ

– ਚੰਨੀ ਧੜੇ ਵੱਲੋਂ ਗੁਪਤ ਮੀਟਿੰਗ ‘ਚ ਵੜਿੰਗ ਦੇ ਪ੍ਰੋਗਰਾਮਾਂ ਦੇ ਬਾਈਕਾਟ ਦਾ ਐਲਾਨ
– ਬਾਜਵਾ ਤੇ ਵੜਿੰਗ ਵੱਲੋਂ ਵੱਖੋ-ਵੱਖਰਾ ਸਵਾਗਤ
ਚੰਡੀਗੜ੍ਹ, 7 ਜੁਲਾਈ (ਪੰਜਾਬ ਮੇਲ)- ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦੀ ਪੰਜਾਬ ਆਮਦ ਤੋਂ ਐਨ ਪਹਿਲਾਂ ਸੂਬਾਈ ਕਾਂਗਰਸ ਵਿਚਲੀ ਖਾਨਾਜੰਗੀ ਨੇ ਨਵਾਂ ਮੋੜਾ ਲੈ ਲਿਆ ਹੈ। ਬਘੇਲ ਪੰਜਾਬ ਕਾਂਗਰਸ ‘ਚ ਛਿੜੀ ਸਿਆਸੀ ਜੰਗ ਨੂੰ ਠੱਲ੍ਹਣ ਲਈ ਪੰਜ ਦਿਨਾਂ ਦੌਰੇ ‘ਤੇ ਚੰਡੀਗੜ੍ਹ ਪੁੱਜੇ ਹਨ। ਉਨ੍ਹਾਂ ਦੀ ਆਮਦ ਤੋਂ ਪਹਿਲਾਂ ਹੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਧੜੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨਾਲ ਹੱਥ ਮਿਲਾ ਲਏ। ਰੰਧਾਵਾ ਨੇ ਸਾਂਝੀ ਤਸਵੀਰ ਜਾਰੀ ਕਰ ਕੇ ਲਿਖਿਆ ‘ਏਕੇ ‘ਚ ਬਰਕਤ’ ਹੈ।
ਚੰਨੀ ਧੜੇ ਨੇ ਮੁਹਾਲੀ ‘ਚ ਗੁਪਤ ਮੀਟਿੰਗ ਕਰ ਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ‘ਚ ਹੋਣ ਵਾਲੇ ਪ੍ਰੋਗਰਾਮਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ। ਮੋਰਿੰਡਾ ਇਕੱਠ ਮਗਰੋਂ ਹੋਈ ਮੀਟਿੰਗ ‘ਚ ਚੰਨੀ ਤੇ ਰੰਧਾਵਾ ਦੇ ਧੜਿਆਂ ਨੇ ਇਕੱਠੇ ਹੋ ਕੇ ਵੜਿੰਗ ਖ਼ਿਲਾਫ਼ ਘੇਰਾਬੰਦੀ ਵਧਾ ਦਿੱਤੀ ਹੈ। ਇਸੇ ਦੌਰਾਨ ਚੰਨੀ ਧੜੇ ਨਾਲ ਜੁੜੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਨੋਟਿਸ ਜਾਰੀ ਕੀਤਾ ਹੈ। ਜਲਾਲਪੁਰ ‘ਤੇ ਹਾਈਕਮਾਂਡ ਖ਼ਿਲਾਫ਼ ਬਿਆਨਬਾਜ਼ੀ ਕਰਨ ਦਾ ਦੋਸ਼ ਸੀ।
ਬਘੇਲ ਦੀ ਆਮਦ ਮੌਕੇ ਕਾਂਗਰਸ ਪੂਰੀ ਤਰ੍ਹਾਂ ਧੜਿਆਂ ‘ਚ ਵੰਡੀ ਨਜ਼ਰ ਆਈ। ਰਾਜਾ ਵੜਿੰਗ ਨੇ ਹਵਾਈ ਅੱਡੇ ‘ਤੇ ਬਘੇਲ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਰਾਜਾ ਵੜਿੰਗ ਦੇ ਹੱਕ ਵਿਚ ਨਾਅਰੇ ਲਗਾਏ। ਸਵਾਗਤ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਨਜ਼ਰ ਆਏ। ਚੰਨੀ ਧੜੇ ਦਾ ਕੋਈ ਵੀ ਆਗੂ ਇਸ ਮੌਕੇ ਮੌਜੂਦ ਨਹੀਂ ਸੀ। ਯੂਥ ਕਾਂਗਰਸ ਦਾ ਨਵਾਂ ਪ੍ਰਧਾਨ ਸ਼ੁਭਮ ਸ਼ਰਮਾ ਅਤੇ ਐੱਨ.ਐੱਸ.ਯੂ. ਆਈ ਦਾ ਪ੍ਰਧਾਨ ਈਸ਼ਰਪ੍ਰੀਤ ਸਿੰਘ ਵੀ ਗ਼ੈਰਹਾਜ਼ਰ ਰਹੇ। ਬਘੇਲ ਦੇ ਸਵਾਗਤ ਲਈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਖਰੇ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ਬਘੇਲ ਦਾ ਸਵਾਗਤ ਤਾਂ ਕੀਤਾ ਪਰ ਉਹ ਰਾਜਾ ਵੜਿੰਗ ਨਾਲੋਂ ਦੂਰੀ ਬਣਾ ਕੇ ਚੱਲੇ।
ਬਘੇਲ ਸਭ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਬਾਜਵਾ ਦੇ ਘਰ ਪਹੁੰਚੇ ਪਰ ਇਸ ਮੌਕੇ ਕਿਧਰੇ ਵੀ ਰਾਜਾ ਵੜਿੰਗ ਨਜ਼ਰ ਨਹੀਂ ਆਏ। ਬਾਜਵਾ ਦੇ ਘਰ ਸਾਬਕਾ ਮੰਤਰੀ ਓ.ਪੀ. ਸੋਨੀ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਅਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ। ਓ.ਪੀ. ਸੋਨੀ ਪਹਿਲਾਂ ਮੋਰਿੰਡਾ ਇਕੱਠ ‘ਚ ਵੀ ਪਹੁੰਚੇ ਸਨ। ਸੂਤਰਾਂ ਮੁਤਾਬਕ ਭੁਪੇਸ਼ ਬਘੇਲ ਚੰਨੀ ਧੜੇ ਨਾਲ ਸਬੰਧਤ ਪ੍ਰਮੁੱਖ ਆਗੂਆਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਪਰ ਉਨ੍ਹਾਂ ਦੀ ਅਜੇ ਤੱਕ ਕਿਸੇ ਨੇਤਾ ਨਾਲ ਮੀਟਿੰਗ ਤੈਅ ਨਹੀਂ ਹੋਈ ਹੈ।
ਸੂਤਰਾਂ ਮੁਤਾਬਕ ਵਿਰੋਧੀ ਧੜਿਆਂ ਨੇ ਗੁਪਤ ਮੀਟਿੰਗ ਕਰ ਕੇ ਰਾਜਾ ਵੜਿੰਗ ਦੀ ਅਗਵਾਈ ‘ਚ ਹੋਣ ਵਾਲੇ ਪ੍ਰੋਗਰਾਮਾਂ ਦੇ ਬਾਈਕਾਟ ਦਾ ਫ਼ੈਸਲਾ ਕੀਤਾ। ਮੁਹਾਲੀ ਵਿਚ ਹੋਈ ਚੰਨੀ ਧੜੇ ਦੀ ਮੀਟਿੰਗ ‘ਚ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਪਰਗਟ ਸਿੰਘ, ਸਾਬਕਾ ਮੰਤਰੀ ਰਜ਼ੀਆ ਸੁਲਤਾਨਾ, ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਵਿਧਾਇਕ ਕੁਲਦੀਪ ਸਿੰਘ ਢਿੱਲੋਂ ਸਮੇਤ ਦਰਜਨਾਂ ਆਗੂ ਸ਼ਾਮਲ ਸਨ। ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਕਿਸੇ ਚੋਣ ਰੁਝੇਵੇਂ ਕਾਰਨ ਮੀਟਿੰਗ ‘ਚ ਸ਼ਾਮਲ ਨਹੀਂ ਸਨ ਪਰ ਉਨ੍ਹਾਂ ਦੇ ਨੇੜਲੇ ਵਿਧਾਇਕ ਲਾਡੀ ਸ਼ੇਰੋਵਾਲੀਆ ਹਾਜ਼ਰ ਸਨ।
ਉਧਰ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦੇ ਖਾਤੇ ਤੋਂ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਵਿਧਾਨ ਸਭਾ 2027 ਦੇ ਮੱਦੇਨਜ਼ਰ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਤੇ ਕੋਰ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਰਣਨੀਤੀ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ ਹੈ।

ਅਸੀਂ ਸਭ ਇਕੱਠੇ ਹਾਂ : ਵੜਿੰਗ
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ‘ਚ ਕਿਸੇ ਤਰ੍ਹਾਂ ਦੀ ਧੜੇਬੰਦੀ ਦੇ ਦੋਸ਼ਾਂ ਨਕਾਰਦਿਆਂ ਕਿਹਾ ਕਿ ਕਾਂਗਰਸ ਦਾ ਪਰਿਵਾਰ ਇਕਜੁੱਟ ਹੈ ਅਤੇ ਆਉਂਦੇ ਦਿਨਾਂ ‘ਚ ਸਭ ਆਗੂ ਇੱਕ ਮੰਚ ‘ਤੇ ਇਕੱਠੇ ਨਜ਼ਰ ਆਉਣਗੇ। ਕਾਂਗਰਸ ‘ਚ ਕੋਈ ਅੰਦਰੂਨੀ ਫੁੱਟ ਨਹੀਂ ਹੈ ਅਤੇ ਸਾਰੇ ਆਗੂ ਇਕੱਠੇ ਹਨ। ਮੋਰਿੰਡਾ ਇਕੱਠ ਅਤੇ ਚੰਨੀ ਦੀ ਅਗਵਾਈ ਵਾਲੀ ਮੀਟਿੰਗ ਵੀ ਕਾਂਗਰਸ ਦੀ ਮਜ਼ਬੂਤੀ ਲਈ ਸੀ। ਪੰਜਾਬ ਇੰਚਾਰਜ ਇਕੱਲੇ-ਇਕੱਲੇ ਆਗੂ ਨੂੰ ਮਿਲਣਗੇ।
ਉਧਰ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਉਹ ਪੰਜ ਦਿਨ ਇੱਥੇ ਰਹਿ ਕੇ ਸਾਰੇ ਆਗੂਆਂ ਨੂੰ ਮਿਲਣਗੇ ਤੇ ਦੋ ਦਿਨਾਂ ਮਗਰੋਂ ਇਸ ਬਾਰੇ ਮੀਡੀਆ ਨੂੰ ਦੱਸਿਆ ਜਾਵੇਗਾ। ਉਨ੍ਹਾਂ ਪਾਰਟੀ ਦੀ ਧੜੇਬੰਦੀ ਬਾਰੇ ਕੋਈ ਗੱਲ ਕਰਨ ਤੋਂ ਗੁਰੇਜ਼ ਕੀਤਾ। ਚੰਨੀ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਸਭ ਨਾਲ ਮੀਟਿੰਗ ਹੋਵੇਗੀ। ਬਘੇਲ ਨੇ ਆਪਣੀ ਫੇਰੀ ਦੇ ਪਹਿਲੇ ਦਿਨ ਮੈਨੀਫੈਸਟੋ ਕਮੇਟੀ ਦੇ ਚੇਅਰਪਰਸਨ ਡਾ. ਅਮਰ ਸਿੰਘ, ਚੋਣ ਪ੍ਰਬੰਧਨ ਅਤੇ ਤਾਲਮੇਲ ਕਮੇਟੀ ਦੇ ਚੇਅਰਪਰਸਨ ਵਿਜੈ ਇੰਦਰ ਸਿੰਗਲਾ, ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਹੋਰ ਸੀਨੀਅਰ ਆਗੂਆਂ ਨਾਲ ਵਿਸਥਾਰਤ ਚਰਚਾ ਕੀਤੀ।