– ਇਮਾਰਤਾਂ ਨੂੰ ਧਮਾਕੇਖੇਜ਼ ਸਮੱਗਰੀ ਨਾਲ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਦਾ ਦੋਸ਼
ਸੈਕਰਾਮੈਂਟੋ, 6 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਦੇ ਸੈਕਰਾਮੈਂਟੋ ਖੇਤਰ ਵਿਚ ਫੈਡਰਲ ਅਧਿਕਾਰੀਆਂ ਨੇ ਐਲਕ ਗਰੋਵ ਦੇ 19 ਸਾਲਾ ਨੌਜਵਾਨ ਟ੍ਰੇਵੋਨ ਮੈਕਡੈਨੀਅਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਫੈਡਰਲ ਸਰਕਾਰੀ ਇਮਾਰਤਾਂ ਨੂੰ ਅੱਗ ਜਾਂ ਧਮਾਕੇਖੇਜ਼ ਸਮੱਗਰੀ ਨਾਲ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਦਾ ਦੋਸ਼ ਲਗਾਇਆ ਗਿਆ ਹੈ।
ਅਮਰੀਕੀ ਅਟਾਰਨੀ ਦੇ ਦਫ਼ਤਰ ਅਨੁਸਾਰ, ਮੈਕਡੇਨੀਅਲ ਸੋਸ਼ਲ ਮੀਡੀਆ ‘ਤੇ ”The_wild_wolfspider” ਨਾਮ ਨਾਲ ਸਰਗਰਮ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਦਾ ਸੰਪਰਕ ਅਬਰਾਹਿਮ ਹਰਮੋਸਿਲੋ ਅਲਵਾਰੇਜ਼ ਨਾਲ ਸੀ, ਜਿਸ ‘ਤੇ 14 ਜੂਨ ਨੂੰ ਵ੍ਹਾਈਟ ਹਾਊਸ ਦੇ ਸਾਊਥ ਲਾਨ ‘ਤੇ ਹੋਣ ਵਾਲੇ ਯੂ.ਐੱਫ.ਸੀ. ਸਮਾਗਮ ਦੌਰਾਨ ਹਮਲੇ ਦੀ ਕਥਿਤ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਹਨ।
ਜਾਂਚਕਾਰਾਂ ਨੇ ਦੱਸਿਆ ਕਿ ਅਲਵਾਰੇਜ਼ ਦੇ ਮੋਬਾਈਲ ਫ਼ੋਨ ਵਿਚ ਮਿਲੇ ਟਿਕਟੋਕ ਸੁਨੇਹਿਆਂ ਰਾਹੀਂ ਮੈਕਡੇਨੀਅਲ ਦੀ ਪਛਾਣ ਹੋਈ। ਇਹ ਸੁਨੇਹੇ 17 ਅਪ੍ਰੈਲ ਤੋਂ 7 ਜੂਨ ਦਰਮਿਆਨ ਭੇਜੇ ਗਏ ਸਨ।
ਐੱਫ.ਬੀ.ਆਈ. ਅਨੁਸਾਰ, ਮੈਕਡੇਨੀਅਲ ਨੇ ਟਿਕਟੋਕ ‘ਤੇ ਇੱਕ ਵੀਡੀਓ ਪੋਸਟ ਕੀਤੀ ਸੀ, ਜਿਸ ਵਿਚ ਉਹ ਸੁਪਰਹੀਰੋ ਵਰਗੇ ਪਹਿਰਾਵੇ ਵਿਚ ਨਜ਼ਰ ਆ ਰਿਹਾ ਸੀ ਅਤੇ ਕਥਿਤ ਤੌਰ ‘ਤੇ ਸੈਕਰਾਮੈਂਟੋ ਦੀਆਂ ਫੈਡਰਲ ਇਮਾਰਤਾਂ ਨੂੰ ਬਿਜਲੀ ਸਪਲਾਈ ਕਰਨ ਵਾਲੇ ਜਨਰੇਟਰਾਂ ਖ਼ਿਲਾਫ਼ ਆਤਿਸ਼ਬਾਜ਼ੀ ਵਰਤਣ ਬਾਰੇ ਗੱਲ ਕਰ ਰਿਹਾ ਸੀ।
ਤਲਾਸ਼ੀ ਦੌਰਾਨ ਅਧਿਕਾਰੀਆਂ ਨੇ ਉਸ ਦੇ ਘਰ ਤੋਂ ਵੀਡੀਓ ਵਿਚ ਦਿਖਾਈ ਦਿੱਤਾ ਪਹਿਰਾਵਾ, ਇੱਕ ਮੋਬਾਈਲ ਫ਼ੋਨ, ਦੋ ਮਿਨੀ ਬੈਟਨ ਅਤੇ ਇੱਕ ਬੈਟਨ ਹੋਲਸਟਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਮੈਕਡੇਨੀਅਲ ਨੂੰ ਫੈਡਰਲ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮੈਜਿਸਟ੍ਰੇਟ ਜੱਜ ਨੇ ਉਸ ਨੂੰ ਹਿਰਾਸਤ ਵਿਚ ਰੱਖਣ ਦੇ ਹੁਕਮ ਦਿੱਤੇ।
ਇਸ ਮਾਮਲੇ ਦੀ ਜਾਂਚ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਅਤੇ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ ਦੇ ਸਹਿਯੋਗ ਨਾਲ ਕੀਤੀ ਹੈ।
ਜੇਕਰ ਅਦਾਲਤ ਵਿਚ ਦੋਸ਼ ਸਾਬਤ ਹੋ ਜਾਂਦੇ ਹਨ, ਤਾਂ ਮੈਕਡੇਨੀਅਲ ਨੂੰ ਵੱਧ ਤੋਂ ਵੱਧ 10 ਸਾਲ ਦੀ ਫੈਡਰਲ ਕੈਦ ਦੀ ਸਜ਼ਾ ਹੋ ਸਕਦੀ ਹੈ।
ਸੈਕਰਾਮੈਂਟੋ ‘ਚ ਫੈਡਰਲ ਅਧਿਕਾਰੀਆਂ ਵੱਲੋਂ ਐਲਕ ਗਰੋਵ ਦਾ 19 ਸਾਲਾ ਨੌਜਵਾਨ ਗ੍ਰਿਫ਼ਤਾਰ

