ਵਾਸ਼ਿੰਗਟਨ, 6 ਜੁਲਾਈ (ਪੰਜਾਬ ਮੇਲ)- ਸਾਬਕਾ ਅਮਰੀਕੀ ਹਾਊਸ ਸਪੀਕਰ ਨੈਂਸੀ ਪੇਲੋਸੀ ਦੇ ਪਤੀ ਪਾਲ ਪੇਲੋਸੀ ਖ਼ਿਲਾਫ਼ ਕੈਲੀਫ਼ੋਰਨੀਆ ਦੇ ਨਾਪਾ ਕਾਉਂਟੀ ਵਿਚ ਇੱਕ ਮਿਸਡੀਮੀਨਰ (ਛੋਟੇ ਅਪਰਾਧ) ਹਿੱਟ-ਐਂਡ-ਰਨ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਅਧਿਕਾਰੀਆਂ ਮੁਤਾਬਕ ਇਹ ਘਟਨਾ ਯੌਂਟਵਿਲ ਵਿਚ ਵਾਪਰੀ। ਦੋਸ਼ ਹੈ ਕਿ 86 ਸਾਲਾ ਪਾਲ ਪੇਲੋਸੀ ਦੀ ਕਨਵਰਟੀਬਲ ਕਾਰ ਇੱਕ ਕਾਨੂੰਨੀ ਤੌਰ ‘ਤੇ ਖੜ੍ਹੀ ਗੱਡੀ ਨਾਲ ਟਕਰਾ ਗਈ। ਗਵਾਹਾਂ ਅਨੁਸਾਰ ਉਹ ਕੁਝ ਸਮੇਂ ਲਈ ਰੁਕੇ, ਪਰ ਫਿਰ ਉੱਥੋਂ ਚਲੇ ਗਏ। ਬਾਅਦ ਵਿਚ ਪੁਲਿਸ ਨੇ ਉਨ੍ਹਾਂ ਦੀ ਗੱਡੀ ਕੁਝ ਦੂਰੀ ‘ਤੇ ਨੁਕਸਾਨੀ ਹਾਲਤ ਵਿਚ ਲੱਭ ਲਈ।
ਜਾਂਚ ਦੌਰਾਨ ਪਾਲ ਪੇਲੋਸੀ ਨੇ ਕਥਿਤ ਤੌਰ ‘ਤੇ ਕਿਹਾ ਕਿ ਉਨ੍ਹਾਂ ਨੂੰ ਅਹਿਸਾਸ ਸੀ ਕਿ ਉਹ ਕਿਸੇ ਚੀਜ਼ ਨਾਲ ਟਕਰਾਏ ਹਨ, ਪਰ ਇਹ ਨਹੀਂ ਪਤਾ ਸੀ ਕਿ ਕੀ ਟਕਰਾਇਆ, ਇਸ ਲਈ ਉਹ ਅੱਗੇ ਚੱਲਦੇ ਰਹੇ।
ਸ਼ੈਰਿਫ਼ ਦਫ਼ਤਰ ਨੇ ਕਿਹਾ ਕਿ ਸ਼ਰਾਬ ਜਾਂ ਨਸ਼ੇ ਦਾ ਕੋਈ ਸਬੂਤ ਨਹੀਂ ਮਿਲਿਆ। ਬ੍ਰੇਥ ਟੈਸਟ ਵਿਚ ਉਨ੍ਹਾਂ ਦਾ ਨਤੀਜਾ 0.00 ਆਇਆ, ਇਸ ਲਈ ਡੀ.ਯੂ.ਆਈ. (ਨਸ਼ੇ ਵਿਚ ਡਰਾਈਵਿੰਗ) ਨੂੰ ਰੱਦ ਕਰ ਦਿੱਤਾ ਗਿਆ।
ਕਿਉਂਕਿ ਕਿਸੇ ਨੂੰ ਸਰੀਰਕ ਸੱਟ ਨਹੀਂ ਲੱਗੀ, ਪਾਲ ਪੇਲੋਸੀ ਨੂੰ ਮੌਕੇ ‘ਤੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਮਾਮਲਾ ਹੁਣ ਨਾਪਾ ਕਾਉਂਟੀ ਡਿਸਟ੍ਰਿਕਟ ਅਟਾਰਨੀਜ਼ ਆਫਿਸ ਨੂੰ ਭੇਜਿਆ ਗਿਆ ਹੈ, ਜੋ ਇਹ ਫੈਸਲਾ ਕਰੇਗਾ ਕਿ ਅਧਿਕਾਰਕ ਦੋਸ਼ ਲਗਾਏ ਜਾਣ ਜਾਂ ਨਹੀਂ। ਨਾਲ ਹੀ, ਉਨ੍ਹਾਂ ਦੀ ਉਮਰ ਨੂੰ ਧਿਆਨ ਵਿਚ ਰੱਖਦਿਆਂ ਡਰਾਈਵਿੰਗ ਯੋਗਤਾ ਦੀ ਸਮੀਖਿਆ ਲਈ ਮਾਮਲਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲਜ਼ ਨੂੰ ਵੀ ਭੇਜਿਆ ਗਿਆ ਹੈ।
ਨੈਂਸੀ ਪੇਲੋਸੀ ਦੇ ਪਤੀ ਪਾਲ ਪੇਲੋਸੀ ਹਿੱਟ-ਐਂਡ-ਰਨ ਮਾਮਲੇ ਵਿਚ ਸ਼ੱਕ ਦੇ ਘੇਰੇ ਵਿਚ

