ਇੰਗਲੈਂਡ/ਤਰਨ ਤਾਰਨ, 12 ਜੂਨ (ਪੰਜਾਬ ਮੇਲ)- ਖੇਮਕਰਨ ਦੇ ਨਜ਼ਦੀਕੀ ਸਰਹੱਦੀ ਪਿੰਡ ਮਹਿੰਦੀਪੁਰ ਵਾਸੀ ਇਕ ਨੌਜਵਾਨ ਲੜਕੇ ਦਾ ਇੰਗਲੈਂਡ ‘ਚ ਬੀਤੇ ਦਿਨੀਂ ਕਤਲ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੂੰ ਬੀਤੀ ਰਾਤ ਘਟਨਾ ਦੀ ਜਾਣਕਾਰੀ ਨੇੜੇ ਰਹਿੰਦੇ ਪੰਜਾਬੀ ਲੜਕਿਆਂ ਵੱਲੋਂ ਦਿੱਤੀ ਗਈ। ਜਾਣਕਾਰੀ ਅਨੁਸਾਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਗੁਰਭੇਜ ਸਿੰਘ (26) ਕਰੀਬ ਚਾਰ ਸਾਲ ਪਹਿਲਾਂ ਇੰਗਲੈਂਡ ਗਿਆ ਸੀ, ਜਿਥੇ ਉਹ ਆਪਣੇ ਪਿੰਡ ਅਤੇ ਹੋਰ ਪੰਜਾਬੀ ਨੌਜਵਾਨਾਂ ਨਾਲ ਕੰਮ ਕਰਦਾ ਸੀ। ਬੀਤੇ ਬੁੱਧਵਾਰ ਇੰਗਲੈਂਡ ਦੇ ਸ਼ਹਿਰ ਸਾਊਥਹਾਲ ‘ਚ ਕਿਸੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ।
ਘਟਨਾ ਦਾ ਪੂਰਾ ਵੇਰਵਾ ਨਹੀਂ ਮਿਲਿਆ ਪਰ ਸਾਊਥਹਾਲ ਦੀ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਲਾਸ਼ ਨੂੰ ਸਥਾਨਕ ਹਸਪਤਾਲ ‘ਚ ਰੱਖਿਆ ਗਿਆ ਹੈ। ਇਸ ਘਟਨਾ ਦਾ ਪਤਾ ਲੱਗਣ ‘ਤੇ ਪਿੰਡ ਮਹਿੰਦੀਪੁਰ ‘ਚ ਗ਼ਮਗੀਨ ਮਾਹੌਲ ਹੈ। ਪਿੰਡ ਵਾਸੀਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਦੀ ਲਾਸ਼ ਪਿੰਡ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਪਰਿਵਾਰ ਆਪਣੇ ਇਕਲੌਤੇ ਪੁੱਤਰ ਦੀਆਂ ਅੰਤਿਮ ਰਸਮਾਂ ਕਰ ਸਕਣ।
ਇੰਗਲੈਂਡ ‘ਚ ਪੰਜਾਬੀ ਨੌਜਵਾਨ ਦਾ ਕਤਲ

