#PUNJAB

ਬਿਕਰਮ ਮਜੀਠੀਆ ਵੱਲੋਂ ਅਗਾਊਂ ਜ਼ਮਾਨਤ ਲਈ ਅੰਮ੍ਰਿਤਸਰ ਅਦਾਲਤ ‘ਚ ਪਟੀਸ਼ਨ ਦਾਇਰ

ਅੰਮ੍ਰਿਤਸਰ, 9 ਜੂਨ (ਪੰਜਾਬ ਮੇਲ)- ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਅੰਮ੍ਰਿਤਸਰ ਅਦਾਲਤ ਦਾ ਰੁਖ ਕੀਤਾ ਗਿਆ ਹੈ। ਮਜੀਠੀਆ ਨੇ ਪਟੀਸ਼ਨ ਦਾਇਰ ਕਰਦਿਆ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਹੈ। ਇਸ ਨੂੰ ਲੈ ਕੇ ਅਦਾਲਤ ਨੇ ਪੰਜਾਬ ਪੁਲਿਸ ਨੂੰ ਕੱਲ੍ਹ ਤੱਕ (10 ਜੂਨ) ਤੱਕ ਰਿਕਾਰਡ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਮਜੀਠੀਆ ‘ਤੇ ਮਜੀਠਾ ਥਾਣਾ ‘ਚ ਹੋਏ ਹੰਗਾਮੇ ਨੂੰ ਲੈ ਕੇ ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀ, ਜਿਸ ਕਾਰਨ ਮਜੀਠੀਆ ‘ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ।
ਇਸ ਤੋਂ ਪਹਿਲਾਂ ਮਜੀਠੀਆ ਖਿਲਾਫ ਦਰਜ ਐੱਫ.ਆਈ.ਆਰ. ਦੀ ਕਾਪੀ ਵੀ ਸਾਹਮਣੇ ਆਈ ਸੀ। ਇਸ ਵਿਚ ਮਜੀਠੀਆ ਤੋਂ ਇਲਾਵਾ ਉਨ੍ਹਾਂ ਦੇ ਕਈ ਨਜ਼ਦੀਕੀਆਂ ਅਤੇ ਸਮਰਥਕਾਂ ਜਿਨ੍ਹਾਂ ਵਿਚ ਬਿਕਰਮ ਸਿੰਘ ਬਾਠ, ਸਾਹਿਬ ਹਮਜ਼ਾ, ਰਾਜਾ ਲਾਡੇਹ ਅਤੇ ਜੋਧ ਸਿੰਘ ਸਮਰਾ ਸਣੇ ਕਈ ਹੋਰ ਅਣਪਛਾਤੇ ਵਿਅਕਤੀਆਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਸੀ। ਇਹ ਮਾਮਲਾ ‘ਭਾਰਤੀ ਨਿਆ ਸੰਹਿਤਾ’ ਦੀਆਂ ਕਈ ਧਾਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਸੀ। ਜਿਨ੍ਹਾਂ ਵਿਚ ਸਰਕਾਰੀ ਕਰਮਚਾਰੀ ‘ਤੇ ਡਿਊਟੀ ਦੌਰਾਨ ਹਮਲਾ ਕਰਨਾ, ਸਰਕਾਰੀ ਕਰਮਚਾਰੀ ਦੇ ਕੰਮ ਵਿਚ ਰੁਕਾਵਟ ਪਾਉਣਾ, ਖਿੱਚ-ਧੂਹ ਕਰਨਾ, ਕਿਸੇ ਵਿਅਕਤੀ ਨੂੰ ਕਾਨੂੰਨੀ ਹਿਰਾਸਤ ਵਿਚੋਂ ਛੁਡਵਾਉਣਾ, ਸਬੂਤਾਂ ਨੂੰ ਨਸ਼ਟ ਕਰਨਾ ਜਾਂ ਛੁਪਾਉਣਾ, ਅਪਰਾਧਿਕ ਧਮਕੀ ਦੇਣਾ, ਗੈਰ-ਕਾਨੂੰਨੀ ਇਕੱਠ (ਜਮਾਵੜਾ) ਕਰਨਾ ਅਤੇ ਦੰਗਾ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਅਸਲਾ ਐਕਟ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪੰਜਾਬ ਪੁਲਿਸ ਨੇ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਹੋਇਆ ਹੈ। ਕੇਸ ਦਰਜ ਹੋਣ ਤੋਂ ਬਾਅਦ ਜਾਰੀ ਕੀਤੇ ਇਸ ਸਰਕੂਲਰ ਨਾਲ ਹੁਣ ਉਹ ਦੇਸ਼ ਛੱਡ ਕੇ ਵਿਦੇਸ਼ ਨਹੀਂ ਜਾ ਸਕਣਗੇ। ਫਿਲਹਾਲ ਪੁਲਿਸ ਵੱਲੋਂ ਮਜੀਠੀਆ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਲਕਾ ਮਜੀਠੀਆ ਵਿਚ ਬਿਕਰਮ ਮਜੀਠੀਆ ਦੀ ਗੁੰਮਸ਼ੁਦਗੀ ਵਾਲੇ ਪੋਸਟਰ ਵੀ ਲਗਾਈ ਗਏ ਹਨ।