#PUNJAB

ਕੈਪਟਨ ਅਮਰਿੰਦਰ ਦੀ ਘਰ ਵਾਪਸੀ ਦੀ ਚਰਚਾ ਵਿਚਾਲੇ ਸਿਆਸੀ ਵੁੱਕਤ ਵਧੀ

-ਕਾਂਗਰਸ ਹਾਈ ਕਮਾਨ ਪੰਜਾਬ ਲੀਡਰਸ਼ਿਪ ਦੀ ਨਬਜ਼ ਟੋਹਣ ਲੱਗੀ
ਚੰਡੀਗੜ੍ਹ, 8 ਜੂਨ (ਪੰਜਾਬ ਮੇਲ)- ‘ਘਰ ਵਾਪਸੀ’ ਦੀ ਚਰਚਾ ਨਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਵੁੱਕਤ ਮੁੜ ਵਧ ਗਈ ਹੈ। ਕੈਪਟਨ ਨੇ ਜਿਉਂ ਹੀ ਕਾਂਗਰਸ ਹਾਈ ਕਮਾਨ ਦੇ ਸੋਹਲੇ ਗਾਏ, ਤਾਂ ਭਾਜਪਾ ਨੇ ਫ਼ੌਰੀ ਮੌਕਾ ਤਾੜ ਲਿਆ। ਕੈਪਟਨ ਹਾਲਾਂਕਿ ਪੰਜਾਬ ਦੇ ਧਰਾਤਲ ‘ਤੇ ਕਈ ਸਾਲਾਂ ਤੋਂ ਵਿਚਰ ਨਹੀਂ ਰਹੇ ਪਰ ਉਨ੍ਹਾਂ ਦੀ ਸਿਆਸੀ ਵੁੱਕਤ ਅਜੇ ਬਰਕਰਾਰ ਹੈ। ਉਨ੍ਹਾਂ ਸ਼ਨਿੱਚਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਾਬਕਾ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨਾਲ ਮੁਲਾਕਾਤ ਕੀਤੀ ਹੈ।
ਇਹ ਮੁਲਾਕਾਤ ਅਜਿਹੇ ਮੌਕੇ ਹੋਈ ਹੈ, ਜਦੋਂ ਕਾਂਗਰਸ ਹਾਈਕਮਾਨ ਉਨ੍ਹਾਂ ਦੀ ‘ਘਰ ਵਾਪਸੀ’ ਬਾਰੇ ਰਾਜਸੀ ਮੰਥਨ ‘ਚ ਜੁਟੀ ਹੈ। ਕੈਪਟਨ ਦੀ ਸੋਨੀਆ ਗਾਂਧੀ ਨਾਲ ਨੇੜਤਾ ਕਿਸੇ ਤੋਂ ਗੁੱਝੀ ਨਹੀਂ ਹੈ। ਪੰਜਾਬ ਚੋਣਾਂ ਹੁਣ ਬਹੁਤੀਆਂ ਦੂਰ ਨਹੀਂ, ਜਿਸ ਕਰ ਕੇ ਭਾਜਪਾ ਹਾਲ ਦੀ ਘੜੀ ਅਮਰਿੰਦਰ ਸਿੰਘ ਨੂੰ ਹੱਥੋਂ ਨਹੀਂ ਕੱਢਣਾ ਚਾਹੁੰਦੀ। ਅਮਰਿੰਦਰ ਸਿੰਘ ਵੱਲੋਂ ਕੇਂਦਰੀ ਵਜ਼ੀਰਾਂ ਨਾਲ ਮਿਲਣੀ ਪੰਜਾਬ ਕਾਂਗਰਸ ਦੇ ਉਨ੍ਹਾਂ ਸੀਨੀਅਰ ਨੇਤਾਵਾਂ ਲਈ ਠੰਢੀ ਹਵਾ ਦੇ ਬੁੱਲ੍ਹੇ ਵਾਂਗ ਸੀ, ਜੋ ਮੁੱਖ ਮੰਤਰੀ ਬਣਨ ਦੀ ਕਤਾਰ ‘ਚ ਮੂਹਰਲਿਆਂ ਵਿਚ ਖੜ੍ਹੇ ਹਨ। ਉਂਜ ਪਿਛਲੇ ਦਿਨਾਂ ਤੋਂ ਕਾਂਗਰਸ ‘ਚ ‘ਘਰ ਵਾਪਸੀ’ ਦੇ ਮਾਮਲੇ ‘ਤੇ ਘੁਸਰ-ਮੁਸਰ ਕਾਫ਼ੀ ਤੇਜ਼ ਹੈ। ਕਾਂਗਰਸ ਹਾਈ ਕਮਾਨ ਦਾ ਵੀ ਅਮਰਿੰਦਰ ਸਿੰਘ ਪ੍ਰਤੀ ਨਰਮਗੋਸ਼ਾ ਹੈ। ਅਹਿਮ ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਨ ਨੇ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਾਲ ਗੱਲਬਾਤ ਦੌਰਾਨ ਅਮਰਿੰਦਰ ਸਿੰਘ ਦੀ ਘਰ ਵਾਪਸੀ ਮੁਤੱਲਕ ਉਨ੍ਹਾਂ ਦੀ ਨਬਜ਼ ਟੋਹੀ ਸੀ।
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਉਸ ਮੀਟਿੰਗ ‘ਚੋਂ ਕੁਝ ਮਿੰਟਾਂ ਬਾਅਦ ਹੀ ਬਾਹਰ ਆ ਗਏ ਸਨ, ਜਿਸ ਬਾਰੇ ਕਈ ਸਿਆਸੀ ਅਟਕਲਾਂ ਲੱਗੀਆਂ ਸਨ। ਬਾਜਵਾ ਬੇਸ਼ੱਕ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਤੋਂ ਇਨਕਾਰ ਕਰ ਚੁੱਕੇ ਹਨ, ਪਰ ਜਦੋਂ ਹਾਈਕਮਾਨ ਨੇ ਅਮਰਿੰਦਰ ਸਿੰਘ ਦੀ ਘਰ ਵਾਪਸੀ ਦੀ ਗੱਲ ਛੇੜੀ, ਤਾਂ ਕਈ ਆਗੂ ਇਸ ਨੂੰ ਹਜ਼ਮ ਨਾ ਕਰ ਸਕੇ ਅਤੇ ਕਈਆਂ ਨੇ ਨਵੇਂ ਪੈਂਤੜੇ ਦੇ ਹੱਕ ‘ਚ ਹਾਮੀ ਵੀ ਭਰੀ। ਸਿਆਸੀ ਵਿਸ਼ਲੇਸ਼ਕਾਂ ਮੁਤਾਬਕਾਂ ਇਸੇ ਕਰਕੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ‘ਚ ਫੇਰਬਦਲ ਦਾ ਮਾਮਲਾ ਪੈਂਡਿੰਗ ਰੱਖਿਆ ਹੋਇਆ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਅਮਰਿੰਦਰ ਸਿੰਘ ਨਾਲ ਆਨੀ-ਬਹਾਨੀ ਰਾਬਤਾ ਕਾਇਮ ਰੱਖਣਾ, ਸਿਆਸੀ ਖਿਚੜੀ ਰਿੱਝਣ ਵੱਲ ਇਸ਼ਾਰਾ ਕਰਦਾ ਹੈ। ਅੰਦਰੂਨੀ ਵਿਰੋਧ ਮਗਰੋਂ ਸਤੰਬਰ 2021 ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਈ ਸੀ ਅਤੇ ਉਸ ਮਗਰੋਂ ਉਨ੍ਹਾਂ ਨੇ ‘ਪੰਜਾਬ ਲੋਕ ਕਾਂਗਰਸ’ ਪਾਰਟੀ ਵੀ ਬਣਾ ਲਈ ਸੀ। 2022 ਦੀਆਂ ਚੋਣਾਂ ਤੋਂ ਪਹਿਲਾਂ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦਾ ਭਾਜਪਾ ‘ਚ ਰਲੇਵਾਂ ਕਰ ਕੇ ਖ਼ੁਦ ਭਾਜਪਾ ‘ਚ ਸ਼ਮੂਲੀਅਤ ਕਰ ਲਈ ਸੀ।