ਟੀ-20 ਭਾਰਤੀ ਟੀਮ ‘ਚ ਚੁਣਿਆਂ ਜਾਣ ਵਾਲਾ ਸਭ ਤੋਂ ਨੌਜਵਾਨ ਕ੍ਰਿਕਟਰ ਖਿਡਾਰੀ ਬਣਿਆ ਵੈਭਵ ਸੂਰਿਆਵੰਸ਼ੀ; ਸ਼੍ਰੇਅਸ ਅਈਅਰ ਹੋਣਗੇ ਟੀ-20 ਦੇ ਨਵੇਂ ਕਪਤਾਨ
ਨਵੀਂ ਦਿੱਲੀ, 6 ਜੂਨ (ਪੰਜਾਬ ਮੇਲ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਆਗਾਮੀ ਟੀ-20 ਸੀਰੀਜ਼ ਅਤੇ ਏਸ਼ੀਅਨ ਗੇਮਜ਼ ਲਈ ਭਾਰਤੀ ਟੀਮ ਦਾ ਐਲਾਨ ਕਰਦਿਆਂ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਮਹਿਜ਼ 15 ਸਾਲ 71 ਦਿਨਾਂ ਦੇ ਹੈਰਾਨੀਜਨਕ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੂੰ ਪਹਿਲੀ ਵਾਰ ਸੀਨੀਅਰ ਭਾਰਤੀ ਟੀਮ ‘ਚ ਜਗ੍ਹਾ ਮਿਲੀ ਹੈ। ਵੈਭਵ ਭਾਰਤ ਵੱਲੋਂ ਕੌਮਾਂਤਰੀ ਕ੍ਰਿਕਟ ਟੀਮ ਵਿਚ ਚੁਣੇ ਜਾਣ ਵਾਲੇ ਹੁਣ ਤੱਕ ਦੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੂੰ ਜੂਨ-ਜੁਲਾਈ ਵਿਚ ਆਇਰਲੈਂਡ ਤੇ ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ਅਤੇ ਸਤੰਬਰ ਵਿਚ ਹੋਣ ਵਾਲੀਆਂ ਏਸ਼ੀਅਨ ਗੇਮਜ਼ ਲਈ ਚੁਣਿਆ ਗਿਆ ਹੈ।
ਇਸ ਦੇ ਨਾਲ ਹੀ ਬੋਰਡ ਨੇ ਕਪਤਾਨੀ ਨੂੰ ਲੈ ਕੇ ਵੀ ਬੇਹੱਦ ਹੈਰਾਨੀਜਨਕ ਫ਼ੈਸਲਾ ਲਿਆ ਹੈ। ਟੀ-20 ਵਿਸ਼ਵ ਕੱਪ ਜੇਤੂ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਤੋਂ ਕਪਤਾਨੀ ਖੋਹ ਲਈ ਗਈ ਹੈ ਅਤੇ ਖ਼ਰਾਬ ਫਾਰਮ ਕਾਰਨ ਉਨ੍ਹਾਂ ਨੂੰ ਟੀਮ ਵਿਚੋਂ ਵੀ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਸ਼੍ਰੇਅਸ ਅਈਅਰ ਨੂੰ ਟੀ-20 ਫਾਰਮੈਟ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਟੀਮ ਦੇ ਉਪ-ਕਪਤਾਨ ਹੋਣਗੇ।
ਵੈਭਵ (15 ਸਾਲ, 71 ਦਿਨ) ਨੇ ਮਹਿਲਾ ਕ੍ਰਿਕਟਰ ਸ਼ੇਫਾਲੀ ਵਰਮਾ (15 ਸਾਲ, 220 ਦਿਨ) ਅਤੇ ਸਚਿਨ ਤੇਂਦੁਲਕਰ (16 ਸਾਲ, 194 ਦਿਨ) ਦਾ ਸਭ ਤੋਂ ਘੱਟ ਉਮਰ ਵਿਚ ਚੁਣੇ ਜਾਣ ਦਾ ਰਿਕਾਰਡ ਤੋੜ ਦਿੱਤਾ ਹੈ। ਜੇਕਰ ਵੈਭਵ ਨੂੰ ਇਸ ਦੌਰੇ ਜਾਂ ਏਸ਼ੀਅਨ ਗੇਮਜ਼ ਵਿਚ ਇੱਕ ਵੀ ਮੈਚ ਖੇਡਣ ਦਾ ਮੌਕਾ ਮਿਲਦਾ ਹੈ, ਤਾਂ ਉਹ ਸ਼ੇਫਾਲੀ (15 ਸਾਲ 239 ਦਿਨ) ਅਤੇ ਸਚਿਨ (16 ਸਾਲ 205 ਦਿਨ) ਨੂੰ ਪਿੱਛੇ ਛੱਡ ਕੇ ਭਾਰਤ ਲਈ ਖੇਡਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣ ਜਾਣਗੇ। ਢਾਈ ਸਾਲ ਬਾਅਦ ਟੀ-20 ਟੀਮ ਵਿਚ ਪਰਤ ਰਹੇ ਸ਼੍ਰੇਅਸ ਅਈਅਰ ਨੂੰ ਸਿੱਧਾ ਟੀਮ ਦੀ ਕਪਤਾਨੀ ਸੌਂਪੀ ਗਈ ਹੈ।
ਵੈਭਵ ਸੂਰਿਆਵੰਸ਼ੀ ਨੂੰ ਟੀਮ ਵਿਚ ਸ਼ਾਮਲ ਕਰਨ ਦਾ ਸਭ ਤੋਂ ਵੱਡਾ ਕਾਰਨ ਆਈ.ਪੀ.ਐੱਲ. ਦਾ ਬੀਤਿਆ ਸੀਜ਼ਨ ਰਿਹਾ। ਆਈ.ਪੀ.ਐੱਲ. 2026 ਵਿਚ ਇਸ 15 ਸਾਲਾ ਖਿਡਾਰੀ ਨੇ ਸਭ ਤੋਂ ਵੱਧ 776 ਰਨ ਬਣਾਏ ਅਤੇ ‘ਓਰੇਂਜ ਕੈਪ’ ‘ਤੇ ਕਬਜ਼ਾ ਕੀਤਾ। ਵੈਭਵ ਨੇ ਇਸ ਸੀਜ਼ਨ ‘ਚ ਮਹਿਜ਼ 36 ਗੇਂਦਾਂ ਵਿਚ ਸੈਂਕੜਾ ਠੋਕਣ ਦਾ ਕਾਰਨਾਮਾ ਵੀ ਕੀਤਾ ਸੀ। ਉਨ੍ਹਾਂ ਨੇ ਮੋਸਟ ਵੈਲਯੂਏਬਲ ਪਲੇਅਰ, ਇਮਰਜਿੰਗ ਪਲੇਅਰ ਆਫ਼ ਦਿ ਈਅਰ, ਸੁਪਰ ਸਟ੍ਰਾਈਕਰ ਅਤੇ ਸਭ ਤੋਂ ਵੱਧ ਛੱਕੇ ਮਾਰਨ ਦਾ ਐਵਾਰਡ ਵੀ ਜਿੱਤਿਆ।
ਨਵੇਂ ਕਪਤਾਨ ਸ਼੍ਰੇਅਸ ਅਈਅਰ ਨੇ ਆਪਣਾ ਆਖਰੀ ਟੀ-20 ਕੌਮਾਂਤਰੀ ਮੈਚ ਦਸੰਬਰ 2023 ‘ਚ ਖੇਡਿਆ ਸੀ। ਆਈ.ਪੀ.ਐੱਲ. 2026 ‘ਚ ਪੰਜਾਬ ਕਿੰਗਜ਼ ਲਈ 168.81 ਦੇ ਤੂਫ਼ਾਨੀ ਸਟ੍ਰਾਈਕ ਰੇਟ ਨਾਲ 498 ਰਨ ਬਣਾਉਣ ਅਤੇ ਲਖਨਊ ਖ਼ਿਲਾਫ਼ ਪਹਿਲਾ ਆਈ.ਪੀ.ਐੱਲ. ਸੈਂਕੜਾ ਜੜਨ ਦਾ ਇਨਾਮ ਉਨ੍ਹਾਂ ਨੂੰ ਕਪਤਾਨ ਵਜੋਂ ਮਿਲਿਆ ਹੈ। ਸ਼੍ਰੇਅਸ ਨੇ 2024 ਵਿਚ ਕੇ.ਕੇ.ਆਰ. ਨੂੰ ਚੈਂਪੀਅਨ ਬਣਾਇਆ ਸੀ ਅਤੇ 2025 ‘ਚ ਪੰਜਾਬ ਨੂੰ ਫਾਈਨਲ ਤੱਕ ਲੈ ਕੇ ਗਏ ਸਨ।
ਵੈਭਵ ਸੂਰਿਆਵੰਸ਼ੀ ਭਾਰਤੀ ਟੀਮ ‘ਚ ਸ਼ਾਮਲ: ਤੋੜਿਆ ਸਚਿਨ ਤੇਂਦੁਲਕਰ ਦਾ ਰਿਕਾਰਡx

