#AMERICA

ਕੈਲੀਫ਼ੋਰਨੀਆ ਵਿਖੇ ਸਾਹਿਤਕਾਰ ਡਾ. ਗੁਰਵਿੰਦਰ ਅਮਨ ਦਾ ਸਾਹਿਤਕਾਰਾਂ ਤੇ ਕਲਾਕਾਰਾਂ ਨੇ ਕੀਤਾ ਭਰਵਾਂ ਸਵਾਗਤ

ਸਟਾਕਟਨ, 1 ਜੂਨ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਸਟਾਕਟਨ( ਕੈਲੀਫੋਰਨੀਆ) ਦੇ ਪ੍ਰਧਾਨ ਹਰਜਿੰਦਰ ਸਿੰਘ ਪੰਧੇਰ ਅਤੇ ਉੱਘੀ ਪੰਜਾਬੀ ਗਾਇਕ ਸੁਖਵੰਤ ਸੁੱਖੀ ਨੇ ਸਾਹਿਤਕਾਰ ਡਾ. ਗੁਰਵਿੰਦਰ ਅਮਨ ਦਾ ਕੈਲੀਫੋਰਨੀਆ ਪੁੱਜਣ ‘ਤੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਇਕ ਸਾਦਾ ਪਰ ਪ੍ਰਭਾਵਸ਼ਾਲੀ ਮਿਲਣੀ ਵਿਚ ਹਰਜਿੰਦਰ ਪੰਧੇਰ ਨੇ ਡਾ. ਗੁਰਵਿੰਦਰ ਅਮਨ ਦੇ ਸਾਹਿਤਕ ਸਫ਼ਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਡਾ. ਅਮਨ ਪ੍ਰਤਿਭਾਸ਼ਾਲੀ ਸੰਵੇਦਨਸ਼ੀਲ ਲੇਖਕ ਹੈ, ਉਸ ਦੀ ਕਹਾਣੀਆਂ ਦਿਲ ਛੋਹਣ ਵਾਲੀ ਕਟਾਕਸ਼ ਕਰਦੀਆਂ ਹਨ। ਉਨ੍ਹਾਂ ਨੇ ਸਵਾਗਤ ਕਰਦਿਆਂ ਦੱਸਿਆ ਕਿ ਡਾ. ਗੁਰਵਿੰਦਰ ਅਮਨ ਦੀ ਕਵਿਤਾ ਦੀ ਕਿਤਾਬ ‘ਸ਼ਬਦਾਂ ਦੀ ਪਰਵਾਜ਼’ ਦਾ ਲੋਕ ਅਰਪਣ ਪਰਮਿੰਦਰ ਪਰਵਾਨਾ ਦੀ ਅਗਵਾਈ ਵਾਲੇ ਗਿੰਨੀ ਯਾਦਗਾਰੀ ਸਾਹਿਤਕ ਮੰਚ ਫਰੀਮਾਂਟ, ਅਮਰੀਕਾ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ‘ਚ ਹੋਇਆ ਸੀ। ਪੰਜਾਬੀ ਸਾਹਿਤ ਸਭਾ ਸਟਾਕਟਨ ਜਿੱਥੇ ਪ੍ਰਦੇਸ਼ ਵਿਚ ਪੰਜਾਬੀ ਭਾਸ਼ਾ ਦਾ ਦੀਵਾ ਜਗਾਕੇ ਮਾਂ ਬੋਲੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਪ੍ਰਚਾਰ ਹਿੱਤ ਪੰਜਾਬੀ ਦੇ ਲੇਖਕਾਂ ਅਤੇ ਕਲਾਕਾਰਾਂ ਦਾ ਸਨਮਾਨ ਵੀ ਕਰਦੀ ਹੈ ।
ਇਸ ਮੌਕੇ ਪੰਜਾਬੀ ਦੀ ਨਾਮਵਰ ਗਾਇਕਾ ਸੁਖਵੰਤ ਸੁੱਖੀ ਨੇ ਵੀ ਆਪਣੇ ਚਰਚਿੱਤ ਗੀਤ ”ਬਾਪੂ ਦਾ ਖੁੰਡਾ ਕੱਢ ਦੁ ਤੇਰੀਆਂ ਰੜਕਾਂ”, ”ਮਾਰਲੀ ਟਾਹਲੀ ਦੇ ਵਿਚ ਗੱਡੀ ਨੀ” ਸੁਣਾਏ ਅਤੇ ਅੱਸੀਵਿਆਂ ਤੇ ਨੱਬਿਆਂ ਦੇ ਅਖਾੜਿਆਂ ਦਾ ਜ਼ਿਕਰ ਵੀ ਕੀਤਾ। ਫ਼ਿਲਮ ਤੇ ਸੰਗੀਤ ਪ੍ਰਮੋਟਰ ਇੰਦੀ ਬਲਿੰਗ ਨੇ ਵੀ ਆਪਣੀ ਕਲਾਕਾਰੀ ਦੇ ਜੌਹਰ ਦਿਖਾਏ। ਇਸ ਮੌਕੇ ਗਗਨਦੀਪ ਜੋਸ਼ਨ, ਜਸ਼ਨ ਬਾਲਿੰਗ, ਪਰਵੀਨ ਤੇ ਸਾਹਿਤ ਪ੍ਰੇਮੀ ਮੌਜੂਦ ਸਨ। ਪਰਮਿੰਦਰ ਪਰਵਾਨਾ, ਕਮਲ ਬੰਗਾ ਅਤੇ ਤ੍ਰਿਪਤ ਭੱਟੀ ਨੇ ਵੀ ਸ਼ੁਭਕਾਮਨਾ ਦਿੱਤੀਆਂ।