ਸੈਕਰਾਮੈਂਟੋ, 27 ਮਈ (ਪੰਜਾਬ ਮੇਲ)- ਕੈਲੀਫੋਰਨੀਆ ਦੀ ਸੈਕਰਟਰੀ ਆਫ ਸਟੇਟ ਸ਼ਰਲੀ ਐਨ. ਵੇਬਰ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ 5.4 ਮਿਲੀਅਨ ਤੋਂ ਵੱਧ ਵੋਟਰ ”Where’s My Ballot?” ਬੈਲਟ ਟ੍ਰੈਕਿੰਗ ਸੇਵਾ ਨਾਲ ਜੁੜ ਚੁੱਕੇ ਹਨ। ਇਸ ਸੇਵਾ ਰਾਹੀਂ ਵੋਟਰ ਆਪਣੀ ਵੋਟਿੰਗ ਬੈਲਟ ਦੀ ਪੂਰੀ ਜਾਣਕਾਰੀ ਆਪਣੇ ਫੋਨ ਜਾਂ ਈਮੇਲ ਰਾਹੀਂ ਪ੍ਰਾਪਤ ਕਰ ਸਕਦੇ ਹਨ।
ਸੈਕਟਰੀ ਵੇਬਰ ਨੇ ਕਿਹਾ ਕਿ ਇਹ ਪ੍ਰਣਾਲੀ ਚੋਣ ਪ੍ਰਕਿਰਿਆ ਵਿਚ ਭਰੋਸਾ, ਪਾਰਦਰਸ਼ਤਾ ਅਤੇ ਸੁਵਿਧਾ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਦੱਸਿਆ ਕਿ ਵੋਟਰਾਂ ਨੂੰ ਆਟੋਮੈਟਿਕ ਅਪਡੇਟ ਮਿਲਦੀ ਹੈ, ਜਦੋਂ ਉਨ੍ਹਾਂ ਦੀ ਬੈਲਟ ਮੇਲ ਕੀਤੀ ਜਾਂਦੀ ਹੈ, ਇਲੈਕਸ਼ਨ ਦਫ਼ਤਰ ਤੱਕ ਪਹੁੰਚਦੀ ਹੈ, ਗਿਣਤੀ ਵਿਚ ਸ਼ਾਮਲ ਹੁੰਦੀ ਹੈ ਜਾਂ ਜੇਕਰ ਬੈਲਟ ਨਾਲ ਕੋਈ ਸਮੱਸਿਆ ਆਉਂਦੀ ਹੈ।
ਇਸ ਸੇਵਾ ਨਾਲ ਜੁੜੇ ਵੋਟਰਾਂ ਨੂੰ ਕਾਊਂਟੀ ਇਲੈਕਸ਼ਨ ਦਫ਼ਤਰ ਵੱਲੋਂ ਮਹੱਤਵਪੂਰਨ ਚੋਣੀ ਡੈੱਡਲਾਈਨਾਂ, ਪੋਲਿੰਗ ਸਥਾਨਾਂ ਵਿਚ ਤਬਦੀਲੀਆਂ ਅਤੇ ਹੋਰ ਜ਼ਰੂਰੀ ਜਾਣਕਾਰੀਆਂ ਵੀ ਭੇਜੀਆਂ ਜਾਂਦੀਆਂ ਹਨ।
ਕੈਲੀਫੋਰਨੀਆ ਵਿਚ 2 ਜੂਨ 2026 ਨੂੰ ਹੋਣ ਵਾਲੀਆਂ ਚੋਣਾਂ ਲਈ 30 ਕਾਊਂਟੀਆਂ ਵਿਚ 23 ਮਈ ਤੋਂ ਅਗਾਊਂ ਵੋਟਿੰਗ ਸੈਂਟਰ ਖੁੱਲ੍ਹ ਚੁੱਕੇ ਹਨ। ਅਧਿਕਾਰੀਆਂ ਮੁਤਾਬਕ ਡਾਕ ਰਾਹੀਂ ਵੋਟ ਬੈਲਟ 2 ਜੂਨ ਤੱਕ ਪੋਸਟਮਾਰਕ ਹੋਣੀ ਚਾਹੀਦੀ ਹੈ ਅਤੇ 9 ਜੂਨ 2026 ਤੱਕ ਇਲੈਕਸ਼ਨ ਦਫ਼ਤਰਾਂ ਤੱਕ ਪਹੁੰਚ ਜਾਣੀ ਲਾਜ਼ਮੀ ਹੈ।
ਚੋਣ ਅਧਿਕਾਰੀਆਂ ਨੇ ਵੋਟਰਾਂ ਨੂੰ ਸਲਾਹ ਦਿੱਤੀ ਹੈ ਕਿ ਡਾਕ ਰਾਹੀਂ ਬੈਲਟ ਭੇਜਣ ਵਾਲੇ ਲੋਕ ਆਪਣੀ ਬੈਲਟ ਜਲਦੀ ਭੇਜਣ ਅਤੇ ਸੰਭਵ ਹੋਵੇ ਤਾਂ ਪੋਸਟ ਆਫਿਸ ਤੋਂ ਮੈਨੂਅਲ ਪੋਸਟਮਾਰਕ ਲਵਾਉਣ, ਤਾਂ ਜੋ ਵੋਟ ਗਿਣਤੀ ਵਿਚ ਕੋਈ ਸਮੱਸਿਆ ਨਾ ਆਵੇ।
ਵੋਟਰ ਆਪਣੀ ਰਜਿਸਟ੍ਰੇਸ਼ਨ ਸਥਿਤੀ ਅਤੇ ਬੈਲਟ ਟ੍ਰੈਕਿੰਗ ਲਈ California Secretary of State Elections Portal ‘ਤੇ ਜਾ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ।
ਕੈਲੀਫੋਰਨੀਆ ‘ਚ 54 ਲੱਖ ਤੋਂ ਵੱਧ ਵੋਟਰਾਂ ਨੇ ”Where’s My Ballot?” ਸੇਵਾ ਲਈ ਰਜਿਸਟਰ ਕੀਤਾ

