-ਮੁੱਖ ਮੰਤਰੀ ਨੇ ਪਾਰਟੀ ‘ਚ ਕਰਵਾਇਆ ਸ਼ਾਮਲ
ਪਟਿਆਲਾ, 16 ਮਈ (ਪੰਜਾਬ ਮੇਲ)- ਸੁਰਜੀਤ ਸਿੰਘ ਰੱਖੜਾ ਅੱਜ ‘ਆਪ’ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿਚ ਸ਼ਾਮਲ ਕਰਵਾਇਆ। ਇਸ ਤੋਂ ਪਹਿਲਾਂ ਜਲੰਧਰ ਵਿਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੌਰਾਨ ਸੁਰਜੀਤ ਸਿੰਘ ਰੱਖੜਾ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦਾ ਫੈਸਲਾ ਲਿਆ ਗਿਆ ਸੀ।
ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਸੀ ਕਿ ਸੁਰਜੀਤ ਸਿੰਘ ਰੱਖੜਾ ਪਾਰਟੀ ਦੀ ਕੋਰ ਕਮੇਟੀ ਅਤੇ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਇੱਕ ਸਰਗਰਮ ਮੈਂਬਰ ਸਨ ਪਰ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਕਾਰਨ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅਕਾਲੀ ਦਲ (ਪੁਨਰ ਸੁਰਜੀਤ) ਕੋਲ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਣ ਦਾ ਪੂਰਾ ਹੱਕ ਹੈ ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀ ਆਪਣੀ ਇੱਛਾ ਬਾਰੇ ਦੱਸ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਸੁਰਜੀਤ ਰੱਖੜਾ ਕਾਫੀ ਸਮੇਂ ਤੋਂ ਰਾਜਨੀਤਿਕ ਖੇਤਰ ‘ਚ ਸਰਗਰਮ ਹਨ। ਉਹ ਸ਼ੁਰੂ ‘ਚ ਇਸੇ ਇਲਾਕੇ ਨਾਲ ਸਬੰਧਤ ਗੁਰਚਰਨ ਸਿੰਘ ਟੌਹੜਾ ਨਾਲ ਜੁੜੇ ਹੋਏ ਸਨ ਪਰ 1999 ‘ਚ ਅਕਾਲੀ ਦਲ ਦੀ ਧੜੇਬੰਦੀ ਦੌਰਾਨ ਬਾਦਲ ਧੜੇ ਨੇ ਸੁਰਜੀਤ ਸਿੰਘ ਰੱਖੜਾ ਨੂੰ ਆਪਣੇ ਨਾਲ ਜੋੜਦਿਆਂ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਲੜਾਈ ਸੀ। ਇਸ ਤੋਂ ਬਾਅਦ 2002 ‘ਚ ਸੁਰਜੀਤ ਸਿੰਘ ਰੱਖੜਾ ਸਮਾਣਾ ਹਲਕੇ ਤੋਂ ਬਾਦਲ ਦਲ ਤੋਂ ਵਿਧਾਇਕ ਬਣੇ, ਪਰ 2007 ‘ਚ ਹਾਰ ਗਏ ਤੇ 2012 ‘ਚ ਮੁੜ ਸਮਾਣਾ ਤੋਂ ਹੀ ਵਿਧਾਇਕ ਬਣ ਕੇ ਬਾਦਲ ਸਰਕਾਰ ‘ਚ ਪੰਚਾਇਤ ਮੰਤਰੀ ਵੀ ਬਣੇ ਪਰ ਇਸ ਤੋਂ ਬਾਅਦ ਉਹ 2017 ਅਤੇ 2022 ਦੀਆਂ ਚੋਣਾਂ ਵੀ ਹਾਰ ਗਏ।
ਪਿਛਲੀਆਂ ਅਕਾਲੀ ਸਰਕਾਰਾਂ ਦੌਰਾਨ ਸੁਰਜੀਤ ਸਿੰਘ ਰੱਖੜਾ ਨੇ ਮਾਲ ਅਤੇ ਮੁੜ ਵਸੇਬਾ ਵਿਭਾਗ ਵਰਗੇ ਅਹਿਮ ਮੰਤਰਾਲਿਆਂ ਦੀ ਜ਼ਿੰਮੇਵਾਰੀ ਸੰਭਾਲੀ ਸੀ। ਉਨ੍ਹਾਂ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੇਹੱਦ ਨਜ਼ਦੀਕੀ ਅਤੇ ਭਰੋਸੇਮੰਦ ਸਾਥੀਆਂ ਵਿਚ ਗਿਣਿਆ ਜਾਂਦਾ ਸੀ।
ਸਮਾਂ ਬੀਤਣ ਨਾਲ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਤਭੇਦਾਂ ਕਾਰਨ ਰੱਖੜਾ ਨੇ ਹੌਲੀ-ਹੌਲੀ ਪਾਰਟੀ ਤੋਂ ਦੂਰੀ ਬਣਾ ਲਈ ਸੀ। ਇਸ ਤੋਂ ਬਾਅਦ ਉਹ ਸੁਖਬੀਰ ਬਾਦਲ ਦੇ ਧੜੇ ਨੂੰ ਛੱਡ ਕੇ ਅਕਾਲੀ ਦਲ (ਪੁਨਰ ਸੁਰਜੀਤ) ਵਿਚ ਸ਼ਾਮਲ ਹੋ ਗਏ ਸਨ। ਹਾਲਾਂਕਿ, ਬਾਅਦ ਵਿਚ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਇਸ ਵੱਖਰੇ ਹੋਏ ਧੜੇ ਨੇ ਵੀ ਰੱਖੜਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਲਗਾ ਕੇ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ।
ਸੁਰਜੀਤ ਸਿੰਘ ਰੱਖੜਾ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ, ਜਿੱਥੇ ਇਸ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੁਮਾਇੰਦਗੀ ਕਰ ਰਹੇ ਹਨ। ਰੱਖੜਾ ਅਮਰੀਕਾ ਵਿਚ ਰਹਿਣ ਵਾਲੇ ਉੱਘੇ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਦੇ ਛੋਟੇ ਭਰਾ ਹਨ। ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੇ ਅਧਿਕਾਰਤ ਐਲਾਨ ਤੋਂ ਪਹਿਲਾਂ ਬੁੱਧਵਾਰ ਨੂੰ ਰੱਖੜਾ ਨੇ ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਵੀ ਕੀਤੀ ਸੀ।
ਸੁਰਜੀਤ ਸਿੰਘ ਰੱਖੜਾ ‘ਆਪ’ ‘ਚ ਹੋਏ ਸ਼ਾਮਲ

