#PUNJAB

ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੇ ਕਲਸ਼ ਮਿਊਜ਼ੀਅਮ ‘ਚ ਰੱਖੇ ਜਾਣ : ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ

ਸੰਗਰੂਰ, 14 ਮਈ (ਦਲਜੀਤ ਕੌਰ/ਪੰਜਾਬ ਮੇਲ)- ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਊਧਮ ਸਿੰਘ ਦੀਆਂ ਸਰਕਾਰੀ ਕਾਲਜ ਸੁਨਾਮ ਦੀ ਲਾਇਬ੍ਰੇਰੀ ‘ਚ 51 ਸਾਲ (ਸਾਲ 1974) ਤੋਂ ਪਈਆਂ ਅਸਥੀਆਂ ਦੇ ਦੋ ਕਲਸ਼ ਨੂੰ ਸੁਨਾਮ ਊਧਮ ਸਿੰਘ ਵਾਲਾ ਵਿਚ ਪੰਜ ਸਾਲ ਦੇ ਕਰੀਬ ਪਹਿਲਾਂ ਬਣੇ ਮਿਊਜ਼ੀਅਮ ਵਿਚ ਲਿਆ ਕੇ ਰੱਖਿਆ ਜਾਵੇ। ਸਰਕਾਰ ਵੱਲੋਂ ਦੇਸ਼ ਦੇ ਮਹਾਨ ਕੌਮੀ ਸ਼ਹੀਦ ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਆਪਣੀ ਅਨਮੋਲ ਜ਼ਿੰਦਗੀ ਕੁਰਬਾਨ ਕਰ ਦਿੱਤੀ, ਨਾਲ ਸਰਕਾਰ ਵੱਲੋ ਇਨਸਾਫ ਨਹੀਂ ਕੀਤਾ ਜਾ ਰਿਹਾ।

ਸ਼ਹੀਦ ਊਧਮ ਸਿੰਘ

ਮੰਚ ਦੇ ਸੂਬਾ ਪ੍ਰਧਾਨ ਬਲਬੀਰ ਚੰਦ ਲੌਂਗੋਵਾਲ ਨੇ ਕਿਹਾ ਸਰਕਾਰ ਨੇ ਅਸਥੀਆਂ ਦੇ ਕਲਸ਼ ਸਾਲ 1974 ਵਿਚ ਇਸ ਲਈ ਇਥੇ ਕਾਲਜ ਦੀ ਲਾਇਬ੍ਰੇਰੀ ਵਿਚ ਰੱਖੇ ਸਨ ਕਿਉਂਕਿ ਉਸ ਵੇਲੇ ਰੱਖਣ ਦੀ ਕੋਈ ਥਾਂ ਨਹੀਂ ਸੀ। ਹੁਣ ਤਾਂ ਮਿਊਜ਼ੀਅਮ ਬਣ ਚੁੱਕਿਆ ਹੈ।
ਮੰਚ ਦੇ ਸੂਬਾ ਜਨਰਲ ਸਕੱਤਰ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਕਿਹਾ ਕਿ ਸ਼ਹੀਦ ਨਾਲ ਸਬੰਧਿਤ ਬਹੁਤ ਸਾਰਾ ਸਮਾਨ ਇੰਗਲੈਂਡ ਵਿਚ ਪਿਆ ਹੈ, ਜਿਵੇਂ ਰਿਵਾਲਵਰ, ਸਾਲ 1939, 1940 ਦੀ ਡਾਇਰੀ, ਹੱਥ ਲਿਖਤ ਪੇਜ਼ ਆਦਿ ਤੇ ਹੋਰ ਸਮਾਨ। ਉਨ੍ਹਾਂ ਨੂੰ ਵੀ ਸੁਨਾਮ ਮਿਊਜ਼ੀਅਮ ਵਿਚ ਲਿਆ ਕੇ ਰੱਖਣਾ ਚਾਹੀਦਾ ਹੈ।
ਮੰਚ ਆਗੂਆਂ ਜੁਝਾਰ ਸਿੰਘ, ਜਸਬੀਰ ਨਮੋਲ, ਲਾਭ ਛਾਜਲਾ, ਸੁਖਜਿੰਦਰ ਸਿੰਘ, ਸੁਰਿੰਦਰ ਉਪਲੀ, ਦਰਸ਼ਨ ਸਿੰਘ, ਪਵਨ ਸ਼ਰਮਾ, ਹਰਗੋਬਿੰਦ ਸ਼ੇਰਪੁਰ, ਜਗਦੇਵ ਸ਼ਰਮਾ, ਗੁਰਦੀਪ ਲਹਿਰਾ ਨੇ ਕਿਹਾ ਕਿ ਸ਼ਹੀਦ ਦੀਆਂ ਚਿੱਠੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਪਈਆਂ ਨੇ, ਉਨ੍ਹਾਂ ਨੂੰ ਵੀ ਮਿਊਜ਼ੀਅਮ ਵਿਚ ਲਿਆ ਕੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਕਹਿਣ ਦੇ ਬਾਵਜੂਦ ਵੀ ਸ਼ਹੀਦ ਦਾ ਅਸਲੀ ਸ਼ਕਲ ਨਾਲ ਮਿਲਦਾ ਬੁੱਤ ਅਜੇ ਤੱਕ ਸੁਨਾਮ ਵਿਖੇ ਨਵੇਂ ਬਣੇ ਮੈਮੋਰੀਅਲ ਵਿਚ ਨਹੀਂ ਲਗਾਇਆ ਗਿਆ। ਸ਼ਹੀਦ ਸੰਬੰਧੀ ਮੰਗਾਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ। ਸਰਕਾਰ ਵੱਲੋਂ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।