#PUNJAB

ਐੱਸ.ਜੀ.ਪੀ.ਸੀ. ਵੱਲੋਂ ਵੱਡੇ ਪੱਧਰ ‘ਤੇ ਮਨਾਈ ਜਾਵੇਗੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਨਮ ਸ਼ਤਾਬਦੀ

ਅੰਮ੍ਰਿਤਸਰ, 9 ਮਈ (ਪੰਜਾਬ ਮੇਲ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਜਨਮ ਦਿਹਾੜੇ ਦੀ ਸ਼ਤਾਬਦੀ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਵੱਲੋਂ ਗਠਿਤ ਸਬ-ਕਮੇਟੀ ਦੀ ਪਲੇਠੀ ਮੀਟਿੰਗ ਅੱਜ ਹੋਈ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਪ੍ਰੈੱਸ ਕਾਨਫਰੰਸ ਰਾਹੀਂ ਅਹਿਮ ਫੈਸਲਿਆਂ ਦੀ ਜਾਣਕਾਰੀ ਸਾਂਝੀ ਕੀਤੀ। ਧਾਮੀ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ 650 ਸਾਲਾ ਸ਼ਤਾਬਦੀ 20 ਫਰਵਰੀ 2027 ਨੂੰ ਆ ਰਹੀ ਹੈ। ਇਸ ਸਬੰਧੀ ਮੁੱਖ ਸਮਾਗਮ 18, 19 ਅਤੇ 20 ਫਰਵਰੀ 2027 ਨੂੰ ਤਿੰਨ ਦਿਨਾਂ ਲਈ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਐਡਵੋਕੇਟ ਧਾਮੀ ਨੇ ਕਿਹਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ (ਬਨਾਰਸ) ਤੋਂ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਜਾਵੇਗਾ। ਇਸ ਨਗਰ ਕੀਰਤਨ ਦੇ ਰੂਟ ਦੀ ਰੂਪਰੇਖਾ ਤੈਅ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਅਧਿਕਾਰੀਆਂ ਦੀ ਇੱਕ ਟੀਮ ਪੰਜਾਬ ਤੋਂ ਬਾਹਰਲੇ ਮਿਸ਼ਨਾਂ ਨਾਲ ਤਾਲਮੇਲ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਦਿਅਕ ਅਦਾਰਿਆਂ ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ (ਫਤਿਹਗੜ੍ਹ ਸਾਹਿਬ), ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ) ਅਤੇ ਹੋਰ ਕਾਲਜਾਂ ਵਿਚ 6 ਸੈਮੀਨਾਰ ਕਰਵਾਏ ਜਾਣਗੇ। ਇਨ੍ਹਾਂ ਸੈਮੀਨਾਰਾਂ ਦਾ ਵਿਸ਼ਾ ‘ਗੁਰਬਾਣੀ ਫਲਸਫਾ ਤੇ ਜੀਵਨ ਜਾਂਚ’ ਹੋਵੇਗਾ, ਜੋ ਕੇਵਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ‘ਤੇ ਹੋਣਗੇ।
ਪ੍ਰਧਾਨ ਧਾਮੀ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਤਿਹਾਸਕ ਅਸਥਾਨਾਂ ‘ਤੇ 8 ਮਹਾਨ ਕੀਰਤਨ ਦਰਬਾਰ ਸਜਾਏ ਜਾਣਗੇ, ਜਿਨ੍ਹਾਂ ਵਿਚ ਕੇਵਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਗਾਇਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਯਤਨ ਕੀਤਾ ਜਾਵੇਗਾ ਕਿ ਇਕ ਸੈਮੀਨਾਰ ‘ਤੇ ਕੀਰਤਨ ਦਰਬਾਰ ਪੰਜਾਬ ਤੋਂ ਬਾਹਰ ਵੀ ਕਰਵਾਇਆ ਜਾਵੇਗਾ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਬਾਣੀ ਖੋਜ ‘ਤੇ ਆਧਾਰਿਤ 20, 22 ਪੰਨਿਆਂ ਦੀ ਇੱਕ ਪੁਸਤਕ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ‘ਚ ਪ੍ਰਕਾਸ਼ਿਤ ਕੀਤੀ ਜਾਵੇਗੀ, ਤਾਂ ਜੋ ਨਗਰ ਕੀਰਤਨ ‘ਚ ਵੰਢਿਆ ਜਾ ਸਕੇ।