ਸ੍ਰੀ ਮੁਕਤਸਰ ਸਾਹਿਬ, 2 ਅਪ੍ਰੈਲ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ, ਪੀਣ ਲਈ ਸਾਫ਼ ਪਾਣੀ ਦੇਣ ਲਈ ਵੱਡੀ ਪੱਧਰ ‘ਤੇ ਸਕੂਲਾਂ, ਕਾਲਜਾਂ ਅਤੇ ਹੋਰ ਜਨਤਕ ਥਾਵਾਂ ‘ਤੇ ਮੁਫ਼ਤ ਆਰ.ਓ. ਸਿਸਟਮ ਲਗਾਏ ਜਾ ਰਹੇ ਹਨ।
ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਲੜੀ ਹੇਠ ਸਿਵਲ ਸਰਜਨ ਦਫ਼ਤਰ (ਪੁਰਾਣਾ ਹਸਪਤਾਲ) ਸ੍ਰੀ ਮੁਕਤਸਰ ਸਾਹਿਬ ਵਿਖੇ ਆਮ ਲੋਕਾਂ ਅਤੇ ਸਟਾਫ ਲਈ ਸਾਫ਼ ਪਾਣੀ ਪੀਣ ਲਈ ਆਰ.ਓ. ਸਿਸਟਮ ਲਗਾਇਆ ਗਿਆ ਹੈ, ਜਿਸ ਦਾ ਉਦਘਾਟਨ ਡਾਕਟਰ ਸੁਨੀਲ ਬਾਂਸਲ (ਸਟੇਟ ਐਵਾਰਡੀ) ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ ਅਤੇ ਡਾਕਟਰ ਐੱਸ.ਪੀ. ਸਿੰਘ ਓਬਰਾਏ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਟਰੱਸਟ ਵੱਲੋਂ ਦੁਨੀਆਂ ਭਰ ਵਿਚ ਲੋਕ ਭਲਾਈ ਦੇ ਕੰਮਾਂ ਬਾਰੇ ਵੀ ਚਰਚਾ ਕੀਤੀ। ਆਮ ਲੋਕਾਂ ਅਤੇ ਸਟਾਫ ਵੱਲੋਂ ਡਾਕਟਰ ਐੱਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਸਰਬਜੀਤ ਸਿੰਘ, ਭੁਪਿੰਦਰ ਸਿੰਘ ਸੀਨੀਅਰ ਸਹਾਇਕ, ਵਿਨੋਦ ਕੁਮਾਰ ਏ.ਐੱਮ.ਓ., ਭਗਵਾਨ ਦਾਸ ਹੈਲਥ ਇੰਸਪੈਕਟਰ, ਹਰਮੀਤ ਕੌਰ ਸੀਨੀਅਰ ਸਹਾਇਕ, ਪਵਿੱਤਰ ਸਿੰਘ ਐੱਮ.ਐੱਲ.ਟੀ., ਗੁਰਪ੍ਰੀਤ ਸਿੰਘ ਪੀ.ਏ., ਸ਼ਾਲੂ, ਲਾਲ ਚੰਦ ਮਾਸ ਮੀਡੀਆ ਅਫ਼ਸਰ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਦੇ ਸੇਵਾਦਾਰ ਬਲਵਿੰਦਰ ਸਿੰਘ ਬਰਾੜ ਰਿਟਾ. ਪ੍ਰਿੰਸੀਪਲ, ਬਰਨੇਕ ਸਿੰਘ ਰਿਟਾ. ਲੈਕਚਰਾਰ, ਸੋਮ ਨਾਥ, ਅਸ਼ੋਕ ਕੁਮਾਰ, ਜਸਬੀਰ ਸਿੰਘ ਰਿਟਾ. ਏ.ਐੱਸ.ਆਈ., ਸੁਖਬੀਰ ਸਿੰਘ ਜੈਲਦਾਰ ਆਦਿ ਹਾਜ਼ਰ ਸਨ।
