#PUNJAB

ਪਠਾਣਮਾਜਰਾ ਦੇ ਪੁਲਿਸ ਰਿਮਾਂਡ ‘ਚ ਵਾਧਾ

ਪਟਿਆਲਾ, 30 ਮਾਰਚ (ਪੰਜਾਬ ਮੇਲ)- ਪੁਲਿਸ ਨੇ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਪੂਰਾ ਹੋਣ ਮਗਰੋਂ ਮੁੜ ਅਦਾਲਤ ‘ਚ ਪੇਸ਼ ਕੀਤਾ। ਇਸ ਦੌਰਾਨ ਪੁਲਿਸ ਨੇ ਜੇ.ਐੱਮ.ਆਈ.ਸੀ. ਦਮਨਦੀਪ ਕਮਲ ਹੀਰਾ ਦੀ ਅਦਾਲਤ ਕੋਲੋਂ ਮੁਲਜ਼ਮ ਦਾ ਦਸ ਦਿਨਾਂ ਦਾ ਹੋਰ ਰਿਮਾਂਡ ਮੰਗਿਆ। ਉਨ੍ਹਾਂ ਦਲੀਲ ਰੱਖੀ ਕਿ ਪੁੱਛ-ਪੜਤਾਲ ਲਈ ਵਿਧਾਇਕ ਨੂੰ ਬਾਹਰਲੇ ਸੂਬੇ ‘ਚ ਲੈ ਕੇ ਜਾਣਾ ਹੈ। ਵਿਧਾਇਕ ਦੇ ਵਕੀਲ ਨੇ ਇਸ ਦਾ ਵਿਰੋਧ ਕੀਤਾ ਪਰ ਸਰਕਾਰੀ ਵਕੀਲ ਨੇ ਰਿਮਾਂਡ ਦੀ ਲੋੜ ‘ਤੇ ਜ਼ੋਰ ਦਿੱਤਾ। ਦੋਵਾਂ ਧਿਰਾਂ ਦੀ ਬਹਿਸ ਸੁਣਨ ਮਗਰੋਂ ਅਦਾਲਤ ਨੇ ਵਿਧਾਇਕ ਦਾ ਸੱਤ ਦਿਨਾਂ ਦਾ ਹੋਰ ਪੁਲਿਸ ਰਿਮਾਂਡ ਦੇ ਦਿੱਤਾ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹੜ੍ਹਾਂ ਦੌਰਾਨ ਵਿਧਾਇਕ ਨੇ ਆਪਣੀ ਹੀ ਸਰਕਾਰ ਖਿਲਾਫ਼ ਜਨਤਕ ਟਿੱਪਣੀਆਂ ਕੀਤੀਆਂ ਸਨ। ਇਸ ਮਗਰੋਂ ਸਰਕਾਰ ਨੇ ਵਿਧਾਇਕ ਦੇ ਗੰਨਮੈਨ ਵਾਪਸ ਲੈ ਲਏ ਅਤੇ ਪੀ.ਆਰ.ਟੀ.ਸੀ. ਚੇਅਰਮੈਨ ਰਣਜੋਧ ਹਡਾਣਾ ਦੀ ਸਨੌਰ ਹਲਕੇ ਵਿਚ ਇੰਚਾਰਜ ਵਜੋਂ ਤਾਇਨਾਤੀ ਕਰ ਦਿੱਤੀ।
ਬਾਅਦ ਵਿਚ ਇੱਕ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਪਟਿਆਲਾ ਵਿਚ ਗੰਭੀਰ ਦੋਸ਼ਾਂ ਤਹਿਤ ਕੇਸ ਦਰਜ ਕਰ ਕੇ ਪੁਲਿਸ ਨੇ ਵਿਧਾਇਕ ਦੇ ਹਰਿਆਣਾ ਸਥਿਤ ਰਿਸ਼ਤੇਦਾਰਾਂ ਦੇ ਘਰੋਂ ਗ੍ਰਿਫ਼ਤਾਰੀ ਕੀਤੀ। ਪਰ ਉਹ ਪੁਲਿਸ ਹਿਰਾਸਤ ‘ਚੋਂ ਫਰਾਰ ਹੋ ਗਿਆ ਅਤੇ ਆਸਟ੍ਰੇਲੀਆ ਪੁੱਜ ਗਿਆ। ਵਤਨ ਪਰਤਣ ਮਗਰੋਂ ਯੂ.ਪੀ. ਦੇ ਇੱਕ ਹੋਟਲ ਅੰਦਰ ਠਹਿਰ ਦੌਰਾਨ ਵਾਈ-ਫਾਈ ਦੀ ਵਰਤੋਂ ਕਰਨ ‘ਤੇ ਪੁਲਿਸ ਚੌਕਸ ਹੋ ਗਈ। ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੀ ਉਹ ਫਰਾਰ ਹੋ ਗਿਆ, ਪਰ ਪੁਲਿਸ ਨੇ ਉਸ ਨੂੰ ਗਵਾਲੀਅਰ ਤੋਂ ਗ੍ਰਿਫ਼ਤਾਰ ਕਰ ਲਿਆ।