ਪੰਜਾਬ ਦੇ ਕਈ ਆਈ.ਏ.ਐੱਸ. ਤੇ ਆਈ.ਪੀ.ਐੱਸ. ਅਧਿਕਾਰੀ ਸੀ.ਬੀ.ਆਈ. ਦੀ ਰਾਡਾਰ ‘ਤੇ!
ਚੰਡੀਗੜ੍ਹ, 30 ਮਾਰਚ (ਪੰਜਾਬ ਮੇਲ)- ਰਿਸ਼ਵਤ ਮਾਮਲੇ ‘ਚ ਫਸੇ ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਮੋਬਾਇਲ ‘ਚ ਆਈ.ਏ.ਐੱਸ. ਅਤੇ ਆਈ.ਪੀ.ਐੱਸ. ਦੇ ਅਧਿਕਾਰੀਆਂ ਨਾਲ ਸ਼ੱਕੀ ਚੈਟ ਮਿਲੀ ਹੈ। ਚੈਟ ‘ਚ ਪੈਸਿਆਂ ਦੇ ਲੈਣ-ਦੇਣ ਅਤੇ ਗੈਰ-ਕਾਨੂੰਨੀ ਕੰਮਾਂ ਸ਼ਾਮਲ ਹਨ। ਸੀ.ਬੀ.ਆਈ. ਨੇ ਅਣਪਛਾਤੇ ਅਧਿਕਾਰੀਆਂ ਖ਼ਿਲਾਫ਼ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ.ਬੀ.ਆਈ. ਦੀ ਡੀ.ਐੱਸ.ਪੀ. ਸੋਨਾਲੀ ਨੇ ਮਾਮਲੇ ‘ਚ ਅਰਜ਼ੀ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ‘ਚ ਦਰਜ ਕੀਤੀ ਹੈ। ਸੀ.ਬੀ.ਆਈ. ਨੇ ਕਿਹਾ ਕਿ ਭੁੱਲਰ ਦੇ ਨਾਲ ਪੰਜਾਬ ਸਰਕਾਰ ਦੇ ਕਈ ਅਧਿਕਾਰੀ ਗੈਰ-ਕਾਨੂੰਨੀ ਕੰਮਾਂ ‘ਚ ਸ਼ਾਮਲ ਹਨ। ਚੈਟ ਸੀ.ਬੀ.ਆਈ. ਨੂੰ ਭੁੱਲਰ ਦੇ ਮੋਬਾਇਲ ਫੋਨ ਅਤੇ ਲੈਪਟਾਪ ‘ਚ ਮਿਲੀ ਹੈ। ਸੀ.ਬੀ.ਆਈ. ਨੇ ਭੁੱਲਰ ਦਾ ਮੋਬਾਇਲ ਫੋਨ ਅਤੇ ਲੈਪਟਾਪ ਜਾਂਚ ਲਈ ਸੀ.ਐੱਫ.ਐੱਸ.ਐੱਲ. ਨੂੰ ਭੇਜ ਦਿੱਤਾ ਹੈ। ਸੀ.ਬੀ.ਆਈ. ਨੇ ਭੁੱਲਰ ਦੇ ਨਾਲ ਗੈਰ-ਕਾਨੂੰਨੀ ਕੰਮਾਂ ‘ਚ ਸ਼ਾਮਲ ਕਰੀਬ 30 ਵਿਅਕਤੀਆਂ ਦੀ ਸੂਚੀ ਬਣਾਈ ਹੈ। ਜਿਸ ‘ਚ ਡੀ.ਐੱਸ.ਪੀ. ਤੋਂ ਲੈ ਕੇ ਆਈ.ਪੀ.ਐੱਸ. ਤੱਕ ਸ਼ਾਮਲ ਹਨ। ਸੀ.ਬੀ.ਆਈ. ਟੀਮ ਜਲਦੀ ਹੀ ਭੁੱਲਰ ਦੇ ਨਾਲ ਗੈਰ-ਕਾਨੂੰਨੀ ਕੰਮਾਂ ਤੇ ਪੈਸਿਆਂ ਦੇ ਲੈਣ-ਦੇਣ ‘ਚ ਸ਼ਾਮਲ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਬੁਲਾਏਗੀ। ਪੁਲਿਸ ਜਲਦੀ ਹੀ ਉਨ੍ਹਾਂ ਸਾਰਿਆਂ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਸੰਮਨ ਜਾਰੀ ਕਰੇਗੀ। ਜਾਂਚ ਏਜੰਸੀ ਮੁਤਾਬਕ ਇਹ ਮਾਮਲਾ ਪਿਛਲੇ ਸਾਲ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਨਾਲ ਜੁੜਿਆ ਹੋਇਆ ਹੈ। ਜਾਂਚ ਦੌਰਾਨ ਇਲੈਕਟ੍ਰਾਨਿਕ ਉਪਕਰਨਾਂ ਦੀ ਫਾਰੈਂਸਿਕ ਜਾਂਚ, ਵਟਸਐਪ ਚੈਟ, ਪੁੱਛਗਿੱਛ ਅਤੇ ਦਸਤਾਵੇਜ਼ਾਂ ਤੋਂ ਕਈ ਸੀਨੀਅਰ ਅਧਿਕਾਰੀਆਂ ਨਾਲ ਅਕਸਰ ਸੰਪਰਕ ਹੋਣ ਦੇ ਸਬੂਤ ਸਾਹਮਣੇ ਆਏ ਹਨ। ਸੀ.ਬੀ.ਆਈ. ਦਾ ਦਾਅਵਾ ਹੈ ਕਿ ਮੁਲਜ਼ਮ ਆਪਣੀ ਪਹੁੰਚ ਦੀ ਵਰਤੋਂ ਕਰ ਕੇ ਨਿੱਜੀ ਲੋਕਾਂ ਨੂੰ ਲਾਭ ਦਿਵਾਉਣ ਦੇ ਬਦਲੇ ਰਿਸ਼ਵਤ ਲੈਂਦੇ ਸਨ। ਇਸ ਤੋਂ ਪਹਿਲਾਂ ਭੁੱਲਰ ਦੀ ਜ਼ਮਾਨਤ ਪਟੀਸ਼ਨ ਹਾਈਕੋਰਟ ਨੇ ਰੱਦ ਕਰ ਦਿੱਤੀ ਸੀ ਅਤੇ ਉਹ ਫਿਲਹਾਲ ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ਚ ਬੰਦ ਹੈ। ਜ਼ਿਕਰਯੋਗ ਹੈ ਕਿ 6 ਅਕਤੂਬਰ, 2025 ਨੂੰ ਭੁੱਲਰ ਅਤੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਬਾਅਦ ਭੁੱਲਰ ਦੇ ਟਿਕਾਣਿਆਂ ਤੋਂ ਕਰੀਬ 2 ਕਿਲੋ ਸੋਨਾ, ਸਾਢੇ 7 ਕਰੋੜ ਰੁਪਏ ਨਕਦ ਅਤੇ ਹੋਰ ਕਾਫੀ ਸਮਾਨ ਬਰਾਮਦ ਕੀਤਾ ਗਿਆ ਸੀ। 13 ਮਾਰਚ ਨੂੰ ਸੀ.ਬੀ.ਆਈ. ਅਦਾਲਤ ਨੇ ਭੁੱਲਰ ਅਤੇ ਕ੍ਰਿਸ਼ਨੂ ਸ਼ਾਰਦਾ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਨੋਟਿਸ ਲੈਂਦੇ ਹੋਏ ਟ੍ਰਾਇਲ ਸ਼ੁਰੂ ਕਰਨ ਦੀ ਪ੍ਰਕਿਰਿਆ ਅੱਗੇ ਵਧਾਈ ਸੀ। ਪਿਛਲੇ ਮਹੀਨੇ ਹੀ ਭੁੱਲਰ ‘ਤੇ ਕੇਸ ਚਲਾਉਣ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਲਈ ਗਈ ਸੀ।
ਸੀ.ਬੀ.ਆਈ. ਨੇ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪਹਿਲੀ ਵਾਰ ਪੰਜ ਦਿਨਾਂ ਦਾ ਰਿਮਾਂਡ ਲਿਆ। ਸੀ.ਬੀ.ਆਈ. ਸੂਤਰਾਂ ਮੁਤਾਬਕ ਭੁੱਲਰ ਨੇ ਦੱਸਿਆ ਕਿ ਪੰਜਾਬ ਦੇ ਅਧਿਕਾਰੀ ਪਟਿਆਲਾ ਦੇ ਪ੍ਰਾਪਰਟੀ ਡੀਲਰ ਰਾਹੀਂ ਜਾਇਦਾਦ ‘ਚ ਨਿਵੇਸ਼ ਕਰਦੇ ਹਨ। ਇਸ ਪੁੱਛਗਿੱਛ ਦੌਰਾਨ ਸੀ.ਬੀ.ਆਈ. ਨੂੰ 14 ਅਜਿਹੇ ਅਧਿਕਾਰੀਆਂ ਦਾ ਪਤਾ ਲੱਗਾ, ਜਿਨ੍ਹਾਂ ‘ਚ 10 ਆਈ.ਪੀ.ਐੱਸ. ਤੇ 4 ਆਈ.ਏ.ਐੱਸ. ਅਧਿਕਾਰੀ ਸਨ। ਸੀ.ਬੀ.ਆਈ. ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ 10 ਆਈ.ਪੀ.ਐੱਸ. ‘ਚੋਂ 8 ਅਜੇ ਵੀ ਫੀਲਡ ‘ਚ ਅਹਿਮ ਅਹੁਦਿਆਂ ‘ਤੇ ਤਾਇਨਾਤ ਹਨ, ਜਦਕਿ 2 ਪੰਜਾਬ ਪੁਲਿਸ ਦੀ ਅਕੈਡਮੀ ‘ਚ ਹਨ। ਇਸ ਤੋਂ ਇਲਾਵਾ 4 ਆਈ.ਏ.ਐੱਸ. ਅਧਿਕਾਰੀਆਂ ਦਾ ਸਬੰਧ ਕਿਸੇ ਨਾ ਕਿਸੇ ਤਰੀਕੇ ਨਾਲ ਮੰਡੀ ਗੋਬਿੰਦਗੜ੍ਹ ਤੋਂ ਹਨ। ਇਸ ਦੇ ਸੀ.ਬੀ.ਆਈ. ਨੇ ਪ੍ਰਾਪਰਟੀ ਡੀਲਰ ਦੇ ਪਟਿਆਲਾ ਅਤੇ ਲੁਧਿਆਣਾ ‘ਚ ਟਿਕਾਣਿਆਂ ‘ਤੇ ਛਾਪਾ ਮਾਰਿਆ ਅਤੇ ਦਸਤਾਵੇਜ਼ ਜ਼ਬਤ ਕੀਤੇ।
ਸੀ.ਬੀ.ਆਈ. ਅਦਾਲਤ ‘ਚ ਭੁੱਲਰ ਤੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਦੀ ਪੇਸ਼ੀ ਦੌਰਾਨ ਜਾਂਚ ਏਜੰਸੀ ਨੇ ਇਕ ਪ੍ਰਗਤੀ ਰਿਪੋਰਟ ਪੇਸ਼ ਕੀਤੀ ਸੀ, ਜਿਸ ‘ਚ ਕਿਹਾ ਗਿਆ ਕਿ ਪਿਛਲੇ ਰਿਮਾਂਡ ਦੌਰਾਨ ਕ੍ਰਿਸ਼ਨੂ ਸ਼ਾਰਦਾ ਦੇ ਮੋਬਾਇਲ ਅਤੇ ਹੋਰ ਇਲੈਕਟ੍ਰਾਨਿਕ ਡਿਵਾਈਸਾਂ ਦੀ ਜਾਂਚ ਕੀਤੀ ਗਈ, ਜਿਸ ਤੋਂ ਪਤਾ ਲੱਗਾ ਕਿ ਉਹ ਕਈ ਅਧਿਕਾਰੀਆਂ ਦੀ ਕਰੱਪਟ ਡੀਲਿੰਗ ‘ਚ ਸ਼ਾਮਲ ਸੀ। ਸੀ.ਬੀ.ਆਈ. ਨੇ ਅੰਕੜਿਆਂ ਦੇ ਆਧਾਰ ‘ਤੇ ਦੱਸਿਆ ਕਿ ਕ੍ਰਿਸ਼ਨੂ ਅਧਿਕਾਰੀਆਂ ਦੇ ਨਾਲ ਮਿਲ ਕੇ ਨਾ ਸਿਰਫ ਮਾਮਲਿਆਂ ਦੀ ਜਾਂਚ ਨੂੰ ਪ੍ਰਭਾਵਿਤ ਕਰਦਾ ਸੀ, ਸਗੋਂ ਤਬਾਦਲੇ-ਪੋਸਟਿੰਗ, ਹਥਿਆਰਾਂ ਦੇ ਲਾਇਸੈਂਸ ਬਣਵਾਉਣ ਤੋਂ ਲੈ ਕੇ ਮੁੜ ਦਰਜ ਕਰਵਾਉਣ ਜਾਂ ਪਹਿਲਾਂ ਤੋਂ ਦਰਜ ਫਿਰ ਖਾਰਜ ਕਰਵਾਉਣ ਤੱਕ ਦਾ ਕੰਮ ਕਰਦਾ ਸੀ। ਅਜਿਹੇ ਕਰੀਬ 50 ਅਧਿਕਾਰੀ ਹਨ, ਜਿਨ੍ਹਾਂ ‘ਚ ਆਈ.ਏ.ਐੱਸ. ਤੇ ਆਈ.ਪੀ.ਐੱਸ. ਅਧਿਕਾਰੀ ਵੀ ਸ਼ਾਮਲ ਹਨ।
ਸਾਬਕਾ ਡੀ.ਆਈ.ਜੀ. ਭੁੱਲਰ ਦੇ ਮੋਬਾਈਲ ‘ਚੋਂ ਮਿਲੀ ਸ਼ੱਕੀ ਚੈਟ!

