#INDIA

ਡੀ.ਜੀ.ਸੀ.ਏ. ਵੱਲੋਂ ਹਵਾਈ ਸਫ਼ਰ ਲਈ ਨਿਯਮਾਂ ‘ਚ ਸਖ਼ਤੀ!

-ਖਰਾਬ ਮੌਸਮ ਦੌਰਾਨ ਪਾਇਲਟ ਨੂੰ ਜ਼ਬਰਦਸਤੀ ਜਹਾਜ਼ ਉਡਾਉਣ ਲਈ ਨਹੀਂ ਕੀਤਾ ਜਾਵੇਗਾ ਮਜਬੂਰ : ਡੀ.ਜੀ.ਸੀ.ਏ.
ਨਵੀਂ ਦਿੱਲੀ, 27 ਮਾਰਚ (ਪੰਜਾਬ ਮੇਲ)- ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਨੇ ਲੋਕ ਸਭਾ ਸਪੀਕਰ ਅਤੇ ਭਾਰਤ ਦੇ ਮੁੱਖ ਜੱਜ ਤੋਂ ਲੈ ਕੇ ਮੁੱਖ ਮੰਤਰੀਆਂ ਅਤੇ ਐੱਸ.ਪੀ.ਜੀ. ਸੁਰੱਖਿਆ ਪ੍ਰਾਪਤ ਨੇਤਾਵਾਂ ਲਈ ਹਵਾਈ ਸਫ਼ਰ ਦੇ ਸੁਰੱਖਿਆ ਨਿਯਮਾਂ ਨੂੰ ਹੋਰ ਵੀ ਸਖ਼ਤ ਕਰ ਦਿੱਤਾ ਹੈ। ਇਹ ਸਖ਼ਤ ਨਿਯਮ 28 ਜਨਵਰੀ ਨੂੰ ਹੋਏ ਬਾਰਾਮਤੀ ਹੈਲੀਕਾਪਟਰ ਹਾਦਸੇ ਤੋਂ ਬਾਅਦ ਬਣਾਏ ਗਏ ਹਨ। ਉਸ ਹਾਦਸੇ ਵਿਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਮੌਤ ਹੋ ਗਈ ਸੀ।
ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਆਦੇਸ਼ਾਂ ਵਿਚ ਉਨ੍ਹਾਂ ਵੀ.ਵੀ.ਆਈ.ਪੀਜ਼ ਦਾ ਘੇਰਾ ਵਧਾ ਦਿੱਤਾ ਹੈ, ਜਿਨ੍ਹਾਂ ਦੇ ਹਵਾਈ ਸਫ਼ਰ ਲਈ ਸਖ਼ਤ ਸੁਰੱਖਿਆ ਨਿਯਮ ਲਾਗੂ ਹੋਣਗੇ। ਇਸ ਨਵੀਂ ਸੂਚੀ ਵਿਚ ਹੁਣ ਲੋਕ ਸਭਾ ਸਪੀਕਰ, ਚੀਫ਼ ਜਸਟਿਸ, ਰਾਜਪਾਲ, ਮੁੱਖ ਮੰਤਰੀ ਅਤੇ ਜ਼ੈੱਡ+ ਸੁਰੱਖਿਆ ਵਾਲੇ ਵੱਡੇ ਲੀਡਰ ਵੀ ਸ਼ਾਮਲ ਕੀਤੇ ਗਏ ਹਨ।
ਇਹ ਕਦਮ ਡੀ.ਜੀ.ਸੀ.ਏ. ਵੱਲੋਂ ਪ੍ਰਗਟਾਈਆਂ ਗਈਆਂ ਚਿੰਤਾਵਾਂ ਵਿਚਕਾਰ ਚੁੱਕਿਆ ਗਿਆ ਹੈ, ਜਿਸ ਵਿਚ ਪਿਛਲੀਆਂ ਘਟਨਾਵਾਂ, ਖਾਸ ਕਰਕੇ ਚੋਣਾਂ ਦੌਰਾਨ ਉਡਾਣਾਂ ਅਤੇ ਅਸਥਾਈ ਹੈਲੀਪੈਡਾਂ ‘ਤੇ ਸੰਚਾਲਨ ਦੌਰਾਨ ਅਕਸਰ ਹਦਾਇਤਾਂ ਦੀ ਉਲੰਘਣਾ ਸਾਹਮਣੇ ਆਈ ਹੈ ਅਤੇ ਸੁਰੱਖਿਆ ਖਤਰੇ ਵਿਚ ਪਈ ਹੈ। ਡੀ.ਜੀ.ਸੀ.ਏ. ਨੇ ਕਿਹਾ, ‘ਸਾਰੇ ਸਬੰਧਤ ਲੋਕਾਂ ਲਈ ਇਹ ਲਾਜ਼ਮੀ ਹੈ ਕਿ ਉਹ ਸੁਰੱਖਿਆ ਦੇ ਨਿਯਮਾਂ ਦਾ ਪੂਰਾ ਧਿਆਨ ਰੱਖਣ।’
ਡੀ.ਜੀ.ਸੀ.ਏ. ਨੇ ਸਾਫ਼ ਕਰ ਦਿੱਤਾ ਹੈ ਕਿ ਲੀਡਰ ਜਾਂ ਸਿਆਸੀ ਪਾਰਟੀਆਂ ਆਪਣੇ ਫਾਇਦੇ ਲਈ ਪਾਇਲਟਾਂ ‘ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪਾ ਸਕਦੀਆਂ। ਜੇਕਰ ਮੌਸਮ ਖਰਾਬ ਹੈ ਜਾਂ ਕੋਈ ਖ਼ਤਰਾ ਹੈ, ਤਾਂ ਪਾਇਲਟ ਨੂੰ ਜ਼ਬਰਦਸਤੀ ਜਹਾਜ਼ ਉਡਾਉਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਜੇਕਰ ਉਡਾਣ ਦੇ ਸਮੇਂ ਜਾਂ ਰੂਟ ਵਿਚ ਕੋਈ ਬਦਲਾਅ ਕਰਨਾ ਹੈ, ਤਾਂ ਉਹ ਕੰਪਨੀ ਦੇ ਦਫ਼ਤਰ ਰਾਹੀਂ ਹੋਣਾ ਚਾਹੀਦਾ ਹੈ, ਨਾ ਕਿ ਸਿੱਧਾ ਪਾਇਲਟ ਨੂੰ ਹੁਕਮ ਦੇ ਕੇ। ਡੀ.ਜੀ.ਸੀ.ਏ. ਨੇ ਘੱਟੋ-ਘੱਟ ਦੋ ਕਰੂ ਮੈਂਬਰਾਂ ਅਤੇ ਦੋ ਇੰਜਣਾਂ ਵਾਲੇ ਜਹਾਜ਼ਾਂ ਦੀ ਵਰਤੋਂ ਨੂੰ ਲਾਜ਼ਮੀ ਕੀਤਾ ਹੈ।
ਡੀ.ਜੀ.ਸੀ.ਏ. ਨੇ ਹੁਣ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਜਹਾਜ਼ ਉਡਾਉਣ ਵਾਲੀ ਕੰਪਨੀ ਜਾਂ ਸੂਬੇ ਦੇ ਹਵਾਬਾਜ਼ੀ ਵਿਭਾਗ ਉਡਾਣ ਭਰਨ ਤੋਂ ਪਹਿਲਾਂ ਵੀ.ਵੀ.ਆਈ.ਪੀ. ਯਾਤਰੀਆਂ ਨੂੰ ਸਾਫ਼-ਸਾਫ਼ ਦੱਸਣ ਕਿ ਜਹਾਜ਼ ਕਿੰਨਾ ਭਾਰ ਚੁੱਕ ਸਕਦਾ ਹੈ ਅਤੇ ਮੌਸਮ ਜਾਂ ਹੋਰ ਕਿਹੜੀਆਂ ਰੁਕਾਵਟਾਂ ਆ ਸਕਦੀਆਂ ਹਨ। ਰੈਗੂਲੇਟਰ ਨੇ ਸਪੱਸ਼ਟ ਕੀਤਾ ਹੈ ਕਿ ਜਹਾਜ਼ ਉਡਾਉਣਾ ਅਤੇ ਉਸ ਦੀ ਜਾਂਚ ਕਰਨਾ ਪਾਇਲਟਾਂ ਅਤੇ ਇੰਜੀਨੀਅਰਾਂ ਦੀ ਪੇਸ਼ੇਵਰ ਜ਼ਿੰਮੇਵਾਰੀ ਹੈ। ਉਨ੍ਹਾਂ ਦੇ ਫੈਸਲੇ ਵਿਚ ਕਿਸੇ ਵੀ ਲੀਡਰ ਜਾਂ ਬਾਹਰੀ ਵਿਅਕਤੀ ਦਾ ਦਬਾਅ ਨਹੀਂ ਹੋਣਾ ਚਾਹੀਦਾ।
ਨਵੇਂ ਨਿਯਮਾਂ ਮੁਤਾਬਕ, ਹੁਣ ਹਰ ਉਡਾਣ ਤੋਂ ਪਹਿਲਾਂ ਇਹ ਲਿਖਤੀ ਰਿਪੋਰਟ ਤਿਆਰ ਕਰਨੀ ਪਵੇਗੀ ਕਿ ਜਹਾਜ਼ ਵਿਚ ਕੌਣ-ਕੌਣ ਸਵਾਰ ਹੈ। ਨਾਲ ਹੀ ਲੋਡ ਅਤੇ ਟ੍ਰਿਮ ਸ਼ੀਟ ਰਾਹੀਂ ਇਹ ਪੱਕਾ ਕਰਨਾ ਹੋਵੇਗਾ ਕਿ ਜਹਾਜ਼ ਵਿਚ ਭਾਰ ਜ਼ਿਆਦਾ ਤਾਂ ਨਹੀਂ ਅਤੇ ਉਹ ਸੰਤੁਲਨ ਵਿਚ ਹੈ ਜਾਂ ਨਹੀਂ। ਇਸ ਤੋਂ ਇਲਾਵਾ ਹੁਣ ਵੀ.ਵੀ.ਆਈ.ਪੀਜ਼ ਦੇ ਸਾਮਾਨ ਨੂੰ ਜਹਾਜ਼ ਵਿਚ ਰੱਖਣ ਤੋਂ ਪਹਿਲਾਂ ਉਸ ਦੀ ਚੈਕਿੰਗ (ਸਕ੍ਰੀਨਿੰਗ) ਕਰਨਾ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ।
ਡੀ.ਜੀ.ਸੀ.ਏ. ਨੇ ਚੋਣ ਪ੍ਰਚਾਰ ਦੌਰਾਨ ਆਰਜ਼ੀ ਹੈਲੀਪੈਡਾਂ ‘ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ। ਹੁਣ ਹੈਲੀਕਾਪਟਰ ਉਡਾਉਣ ਵਾਲੀ ਕੰਪਨੀ ਨੂੰ ਉਡਾਣ ਤੋਂ ਘੱਟੋ-ਘੱਟ 24 ਘੰਟੇ ਪਹਿਲਾਂ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਹੈਲੀਪੈਡ ਸੁਰੱਖਿਅਤ ਹੈ। ਇਸ ਲਈ ਜ਼ਿਲ੍ਹਾ ਅਧਿਕਾਰੀਆਂ ਤੋਂ ਲਿਖਤੀ ਮਨਜ਼ੂਰੀ ਲੈਣੀ ਪਵੇਗੀ, ਜਿਸ ਵਿਚ ਹੈਲੀਪੈਡ ਦੀ ਸਹੀ ਲੋਕੇਸ਼ਨ ਅਤੇ ਆਲੇ-ਦੁਆਲੇ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ।
ਜੇਕਰ ਕਿਸੇ ਦੂਰ ਦੇ ਇਲਾਕੇ ਜਾਂ ਖੇਤ ਵਿਚ ਹੈਲੀਕਾਪਟਰ ਉਤਾਰਨਾ ਹੈ, ਤਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਨੋ ਆਬਜੈਕਸ਼ਨ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ। ਡੀ.ਜੀ.ਸੀ.ਏ. ਨੇ ਪ੍ਰਸ਼ਾਸਨ ਨੂੰ ਸਾਫ਼ ਕਿਹਾ ਹੈ ਕਿ ਇਜਾਜ਼ਤ ਦੇਣ ਤੋਂ ਪਹਿਲਾਂ ਉੱਥੇ ਪੁਲਿਸ ਸੁਰੱਖਿਆ, ਅੱਗ ਬੁਝਾਊ ਗੱਡੀਆਂ ਅਤੇ ਐਂਬੂਲੈਂਸ ਵਰਗੇ ਬਚਾਅ ਦੇ ਪੂਰੇ ਇੰਤਜ਼ਾਮ ਯਕੀਨੀ ਬਣਾਏ ਜਾਣ।