#OTHERS

ਪਾਕਿਸਤਾਨ 2025 ਵਿਚ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਦੇਸ਼ ਕਰਾਰ

-ਨੁਕਸਾਨਦੇਹ ਕਣਾਂ ਦੀ ਮਾਤਰਾ ਡਬਲਯੂ.ਐੱਚ.ਓ. ਦੇ ਤੈਅ ਮਾਪਦੰਡਾਂ ਨਾਲੋਂ 13 ਗੁਣਾ ਜ਼ਿਆਦਾ
ਸਿੰਗਾਪੁਰ, 25 ਮਾਰਚ (ਪੰਜਾਬ ਮੇਲ)- ਪਾਕਿਸਤਾਨ ਨੂੰ 2025 ਵਿਚ ਸੰਸਾਰ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ ਕਰਾਰ ਦਿੱਤਾ ਗਿਆ ਹੈ। ਇੱਥੇ ਪੀ.ਐੱਮ. 2.5 ਦੇ ਨੁਕਸਾਨਦੇਹ ਕਣਾਂ ਦੀ ਮਾਤਰਾ ਵਿਸ਼ਵ ਸਿਹਤ ਸੰਸਥਾ (ਡਬਲਯੂ.ਐੱਚ.ਓ.) ਦੇ ਤੈਅ ਮਾਪਦੰਡਾਂ ਨਾਲੋਂ 13 ਗੁਣਾ ਜ਼ਿਆਦਾ ਦਰਜ ਕੀਤੀ ਗਈ ਹੈ।
ਸਵਿਸ ਏਅਰ ਕੁਆਲਿਟੀ ਮੌਨੀਟਰਿੰਗ ਫਰਮ ਆਈਕਿਊ ਏਅਰ ਨੇ ਆਪਣੀ ਸਾਲਾਨਾ ਰਿਪੋਰਟ ਵਿਚ ਦੱਸਿਆ ਹੈ ਕਿ ਪਿਛਲੇ ਸਾਲ ਸਿਰਫ਼ 13 ਦੇਸ਼ ਅਤੇ ਖੇਤਰ ਹੀ ਡਬਲਯੂ.ਐੱਚ.ਓ. ਦੇ ਮਿਆਰ (5 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਘੱਟ) ਨੂੰ ਪੂਰਾ ਕਰ ਸਕੇ ਹਨ, ਜੋ ਕਿ 2024 ਵਿਚ ਸਿਰਫ਼ ਸੱਤ ਸਨ।
ਰਿਪੋਰਟ ਮੁਤਾਬਕ ਨਿਗਰਾਨੀ ਹੇਠਲੇ ਕੁੱਲ 143 ਗਏ ਮੁਲਕਾਂ ਅਤੇ ਖੇਤਰਾਂ ਵਿਚੋਂ 130 ਦੇਸ਼ ਡਬਲਯੂ.ਐੱਚ.ਓ. ਦੇ ਦਿਸ਼ਾ-ਨਿਰਦੇਸ਼ਾਂ ‘ਤੇ ਖਰੇ ਨਹੀਂ ਉਤਰੇ। ਸਭ ਤੋਂ ਪ੍ਰਦੂਸ਼ਿਤ ਦੇਸ਼ਾਂ ਦੀ ਸੂਚੀ ਵਿਚ ਬੰਗਲਾਦੇਸ਼ ਦੂਜੇ ਅਤੇ ਤਜਾਕਿਸਤਾਨ ਤੀਜੇ ਨੰਬਰ ‘ਤੇ ਰਿਹਾ। ਚਾਡ ਜੋ 2024 ਵਿਚ ਸਭ ਤੋਂ ਪ੍ਰਦੂਸ਼ਿਤ ਦੇਸ਼ ਸੀ, 2025 ਵਿਚ ਚੌਥੇ ਨੰਬਰ ‘ਤੇ ਆ ਗਿਆ; ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸੁਧਾਰ ਪ੍ਰਦੂਸ਼ਣ ਘਟਣ ਕਾਰਨ ਨਹੀਂ, ਸਗੋਂ ਡੇਟਾ ਦੀ ਘਾਟ ਕਾਰਨ ਹੋ ਸਕਦਾ ਹੈ। ਪਿਛਲੇ ਮਾਰਚ ਵਿਚ ਅਮਰੀਕਾ ਨੇ ਬਜਟ ਦੀ ਘਾਟ ਦਾ ਹਵਾਲਾ ਦਿੰਦਿਆਂ ਹੋਏ ਆਪਣੇ ਦੂਤਘਰਾਂ ਤੋਂ ਇਕੱਤਰ ਕੀਤੇ ਜਾਣ ਵਾਲੇ ਵਿਸ਼ਵਵਿਆਪੀ ਪ੍ਰਦੂਸ਼ਣ ਡੇਟਾ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਸੀ। ਰਿਪੋਰਟ ਦੀ ਮੁੱਖ ਲੇਖਕਾ ਕ੍ਰਿਸਟੀ ਚੈਸਟਰ ਸ਼ਰੋਡਰ ਨੇ ਕਿਹਾ ਕਿ ਮਾਰਚ ਵਿਚ ਡੇਟਾ ਗੁੰਮ ਹੋਣ ਕਾਰਨ ਅਜਿਹਾ ਲੱਗਿਆ ਕਿ ਚਾਡ ਵਿਚ ਪ੍ਰਦੂਸ਼ਣ ਘਟਿਆ ਹੈ, ਪਰ ਅਸਲ ਵਿਚ ਸੱਚਾਈ ਦਾ ਪਤਾ ਨਹੀਂ ਲਗਾਇਆ ਜਾ ਸਕਦਾ।

ਭਾਰਤ 6ਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼
ਨਵੀਂ ਦਿੱਲੀ: ਵਰਲਡ ਏਅਰ ਕੁਆਲਿਟੀ ਰਿਪੋਰਟ 2025 ਅਨੁਸਾਰ, ਹਵਾ ਪ੍ਰਦੂਸ਼ਣ (ਪੀ.ਐੱਮ. 2.5) ਦੇ ਮਾਮਲੇ ‘ਚ ਭਾਰਤ ਦੁਨੀਆਂ ਦਾ ਛੇਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼ ਮੰਨਿਆ ਗਿਆ ਹੈ। ਉੱਤਰ ਪ੍ਰਦੇਸ਼ ਦਾ ਲੋਨੀ ਕਸਬਾ ਪੂਰੀ ਦੁਨੀਆਂ ਵਿਚ ਸਭ ਤੋਂ ਪ੍ਰਦੂਸ਼ਿਤ ਰਿਹਾ ਹੈ, ਦਿੱਲੀ ਚੌਥੇ ਨੰਬਰ ‘ਤੇ ਹੈ। ਯੂ.ਪੀ. ਦੇ ਗਾਜ਼ੀਆਬਾਦ ਜ਼ਿਲ੍ਹੇ ਵਿਚ ਪੈਂਦਾ ਕਸਬਾ ਲੋਨੀ ਦਿੱਲੀ ਦੀ ਹੱਦ ਨਾਲ ਲੱਗਦਾ ਹੈ ਤੇ ਦਿੱਲੀ ਐੱਨ.ਸੀ.ਆਰ. ਦਾ ਹਿੱਸਾ ਹੈ। ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਦੇਸ਼ਾਂ ‘ਚ ਪਾਕਿਸਤਾਨ, ਬੰਗਲਾਦੇਸ਼, ਤਾਜਿਕਿਸਤਾਨ, ਚਾਡ ਅਤੇ ਕਾਂਗੋ ਤੋਂ ਬਾਅਦ ਛੇਵਾਂ ਨੰਬਰ ਭਾਰਤ ਦਾ ਹੈ। ਦੁਨੀਆਂ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਪੰਜ ਭਾਰਤ ਦੇ ਹਨ, ਜਿਨ੍ਹਾਂ ਵਿਚ ਲੋਨੀ, ਬਰਨੀਹਾਟ, ਦਿੱਲੀ, ਗਾਜ਼ੀਆਬਾਦ ਤੇ ਉਲਾ ਸ਼ਾਮਲ ਹਨ। 25 ਸਭ ਤੋਂ ਪ੍ਰਦੂਸ਼ਿਤ ਸਾਰੇ ਸ਼ਹਿਰ ਭਾਰਤ, ਪਾਕਿਸਤਾਨ ਅਤੇ ਚੀਨ ਵਿਚ ਹਨ।