-ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ‘ਚ ਭਾਰਤ ਸਮੇਤ 6 ਟੀਮਾਂ ਹਿੱਸਾ ਲੈਣਗੀਆਂ
ਚੰਡੀਗੜ੍ਹ, 25 ਮਾਰਚ (ਪੰਜਾਬ ਮੇਲ)- ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰ ਰਹੀ ਹੈ ਅਤੇ ਇਸੇ ਸਦਕਾ ਪੰਜਾਬ ਪਹਿਲੀ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰੇਗਾ। ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਨਾਲ-ਨਾਲ ਪੰਜਾਬ 40 ਸਾਲਾਂ ਬਾਅਦ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਅੰਡਰ-13 ਦੀ ਮੇਜ਼ਬਾਨੀ ਵੀ ਕਰੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਏਸ਼ਿਆਈ ਖੇਡਾਂ 3-4 ਅਕਤੂਬਰ ਨੂੰ ਸਮਾਪਤ ਹੋਣਗੀਆਂ ਅਤੇ ਹਾਕੀ ਦੀਆਂ ਚੋਟੀ ਦੀਆਂ 6 ਟੀਮਾਂ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣਗੀਆਂ। ਪੰਜਾਬ ਨੂੰ ਪਹਿਲੀ ਵਾਰ ਇਸ ਕੌਮਾਂਤਰੀ ਮੁਕਾਬਲੇ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ ਅਤੇ ਖੇਡਾਂ ਦੇ ਖੇਤਰ ਵਿਚ ਇਹ ਵੱਡੀ ਪ੍ਰਾਪਤੀ ਹੈ।” ਹਾਕੀ ਮੈਚ ਮੁਹਾਲੀ ਦੇ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਅਤੇ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ‘ਚ ਹੋਣਗੇ। ਇਸ ਤੋਂ ਇਲਾਵਾ ਸੂਬੇ ਨੂੰ ਚਾਰ ਦੇਸ਼ਾਂ ਦੇ ਇੱਕ ਹੋਰ ਕੌਮਾਂਤਰੀ ਮੁਕਾਬਲੇ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਸੂਬੇ ਵਿਚ ਹਾਕੀ ਨੂੰ ਹੋਰ ਹੁਲਾਰਾ ਦੇਵੇਗਾ।
ਪੰਜਾਬ ਪਹਿਲੀ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਕਰੇਗਾ ਮੇਜ਼ਬਾਨੀ

