-ਅਮਰੀਕਾ ਅੱਗੇ ਨਾ ਝੁਕਣ ਦਾ ਐਲਾਨ; ਕਿਊਬਾ ਦੇ ਰਾਸ਼ਟਰਪਤੀ ਨੂੰ ਹਟਾਉਣ ਦੀ ਸ਼ਰਤ ਖਾਰਜ
ਹਵਾਨਾ, 21 ਮਾਰਚ (ਪੰਜਾਬ ਮੇਲ)- ਕਿਊਬਾ ਨੇ ਅਮਰੀਕਾ ਦੇ ਉਸ ਸੁਝਾਅ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ, ਜਿਸ ਵਿਚ ਕਿਊਬਾ ਦੀ ਸਿਆਸੀ ਪ੍ਰਣਾਲੀ ਜਾਂ ਰਾਸ਼ਟਰਪਤੀ ਦੇ ਕਾਰਜਕਾਲ ਨੂੰ ਗੱਲਬਾਤ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਪ੍ਰਤੀਕਿਰਿਆ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਆਈ ਹੈ, ਜਿਨ੍ਹਾਂ ਅਨੁਸਾਰ ਵਾਸ਼ਿੰਗਟਨ ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕਾਨੇਲ ਨੂੰ ਸੱਤਾ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਪ ਵਿਦੇਸ਼ ਮੰਤਰੀ ਕਾਰਲੋਸ ਫਰਨਾਂਡੇਜ਼ ਡੇ ਕੋਸੀਓ ਨੇ ਪ੍ਰੈੱਸ ਕਾਨਫਰੰਸ ਵਿਚ ਸਪੱਸ਼ਟ ਕੀਤਾ ਕਿ ਕਿਊਬਾ ਦਾ ਸਿਆਸੀ ਢਾਂਚਾ ਅਤੇ ਕਿਸੇ ਵੀ ਅਧਿਕਾਰੀ ਦਾ ਅਹੁਦਾ ਅਮਰੀਕਾ ਨਾਲ ਸੌਦੇਬਾਜ਼ੀ ਦਾ ਵਿਸ਼ਾ ਨਹੀਂ ਹੈ।
ਕਿਊਬਾ ਨੇ ਇੱਕ ਹਫ਼ਤਾ ਪਹਿਲਾਂ ਅਮਰੀਕਾ ਨਾਲ ਗੱਲਬਾਤ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ ਸੀ। ਇਹ ਗੱਲਬਾਤ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਈ ਗਈ ਤੇਲ ਦੀ ਪਾਬੰਦੀ ਕਾਰਨ ਕਿਊਬਾ ਡੂੰਘੇ ਆਰਥਿਕ ਸੰਕਟ ਵਿਚ ਫਸਿਆ ਹੋਇਆ ਹੈ। ਟਰੰਪ ਨੇ ਕਿਹਾ ਸੀ ਕਿ ਉਹ ਕਿਊਬਾ ਵਰਗੇ ਗੁਆਂਢੀ ਦੇਸ਼ ਨਾਲ ਜੋ ਚਾਹੁਣ ਕਰ ਸਕਦੇ ਹਨ। ਇਸ ਦੇ ਜਵਾਬ ਵਿਚ ਰਾਸ਼ਟਰਪਤੀ ਡਿਆਜ਼-ਕਾਨੇਲ ਨੇ ਕਿਹਾ ਹੈ ਕਿ ਕਿਊਬਾ ਅਮਰੀਕਾ ਦੀ ਕਿਸੇ ਵੀ ਸੰਭਾਵਿਤ ਹਮਲਾਵਰ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹੈ ਅਤੇ ਕੋਈ ਵੀ ਬਾਹਰੀ ਹਮਲਾਵਰ ਦੇਸ਼ ਨੂੰ ਕਮਜ਼ੋਰ ਨਹੀਂ ਕਰ ਸਕੇਗਾ।
ਕੁਝ ਅਮਰੀਕੀ ਅਖ਼ਬਾਰਾਂ ਅਨੁਸਾਰ ਟਰੰਪ ਪ੍ਰਸ਼ਾਸਨ ਕਿਊਬਾ ਨਾਲ ਇੱਕ ਅਜਿਹਾ ਆਰਥਿਕ ਸਮਝੌਤਾ ਕਰਨਾ ਚਾਹੁੰਦਾ ਸੀ ਜਿਸ ਵਿਚ ਵਪਾਰਕ ਪਾਬੰਦੀਆਂ ਤਾਂ ਹਟਾਈਆਂ ਜਾਣਗੀਆਂ ਪਰ ਰਾਸ਼ਟਰਪਤੀ ਡਿਆਜ਼-ਕਾਨੇਲ ਨੂੰ ਅਹੁਦਾ ਛੱਡਣਾ ਪਵੇਗਾ। ਰਿਪੋਰਟਾਂ ਮੁਤਾਬਕ ਅਮਰੀਕਾ ਚਾਹੁੰਦਾ ਹੈ ਕਿ ਡਿਆਜ਼-ਕਾਨੇਲ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਹਟ ਜਾਣ। ਇਹ ਤਰੀਕਾ ਵੈਨੇਜ਼ੁਏਲਾ ਵਰਗਾ ਹੀ ਜਾਪਦਾ ਹੈ, ਜਿੱਥੇ ਅਮਰੀਕਾ ਨੇ ਰਾਸ਼ਟਰਪਤੀ ਮਾਦੁਰੋ ਨੂੰ ਹਟਾ ਕੇ ਆਪਣੀ ਪਸੰਦ ਦੀ ਸਰਕਾਰ ਨਾਲ ਸਹਿਯੋਗ ਕੀਤਾ ਸੀ।
ਕਿਊਬਾ ਵਿਚ ਸੱਤਾ ਕਿਸੇ ਇੱਕ ਵਿਅਕਤੀ ਦੇ ਹੱਥ ਵਿਚ ਨਹੀਂ, ਬਲਕਿ ਕਮਿਊਨਿਸਟ ਪਾਰਟੀ ਦੇ ਆਗੂਆਂ, ਸਰਕਾਰੀ ਅਧਿਕਾਰੀਆਂ ਅਤੇ ਫੌਜ ਵਿਚ ਵੰਡੀ ਹੋਈ ਹੈ। ਵਿਦੇਸ਼ ਮੰਤਰਾਲੇ ਨੇ ਗੱਲਬਾਤ ਦੇ ਸਮੇਂ ਅਤੇ ਸਥਾਨ ਬਾਰੇ ਤਾਂ ਕੁਝ ਨਹੀਂ ਦੱਸਿਆ ਪਰ ਇਹ ਜ਼ਰੂਰ ਕਿਹਾ ਕਿ ਵਪਾਰ ਅਤੇ ਪੁਰਾਣੇ ਮੁਆਵਜ਼ਿਆਂ ਵਰਗੇ ਕਈ ਅਹਿਮ ਮੁੱਦੇ ਹਨ, ਜਿਨ੍ਹਾਂ ‘ਤੇ ਗੱਲ ਹੋ ਸਕਦੀ ਹੈ। ਕਿਊਬਾ ਅਮਰੀਕੀ ਪਾਬੰਦੀਆਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਚਾਹੁੰਦਾ ਹੈ, ਜਦੋਂ ਕਿ ਅਮਰੀਕਾ ਉਨ੍ਹਾਂ ਜਾਇਦਾਦਾਂ ਦਾ ਹਿਸਾਬ ਮੰਗ ਰਿਹਾ ਹੈ, ਜਿਨ੍ਹਾਂ ਦਾ 1959 ਦੀ ਕ੍ਰਾਂਤੀ ਵੇਲੇ ਕੇਂਦਰੀਕਰਨ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਅਨੁਸਾਰ ਇਹ ਗੁੰਝਲਦਾਰ ਮਸਲੇ ਸਿਰਫ਼ ਬਰਾਬਰੀ ਵਾਲੀ ਗੱਲਬਾਤ ਰਾਹੀਂ ਹੀ ਹੱਲ ਕੀਤੇ ਜਾ ਸਕਦੇ ਹਨ।
ਅਮਰੀਕਾ ਨਾਲ ਰਾਸ਼ਟਰਪਤੀ ਦੇ ਅਹੁਦੇ ‘ਤੇ ਕੋਈ ਸਮਝੌਤਾ ਨਹੀਂ ਕਰੇਗਾ ਕਿਊਬਾ

