#OTHERS

ਫੀਫਾ ਵਰਲਡ ਕੱਪ: ਮਿਡਲ ਈਸਟ ਜੰਗ ਕਾਰਨ ਈਰਾਨ ਵੱਲੋਂ ਅਮਰੀਕਾ ਜਾ ਕੇ ਖੇਡਣ ਤੋਂ ਸਾਫ਼ ਇਨਕਾਰ

ਤਹਿਰਾਨ, 20 ਮਾਰਚ (ਪੰਜਾਬ ਮੇਲ)- ਮਿਡਲ ਈਸਟ ਵਿਚ ਜਾਰੀ ਜੰਗ ਅਤੇ ਵਧਦੇ ਤਣਾਅ ਦਾ ਅਸਰ ਹੁਣ ਖੇਡ ਜਗਤ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ 2026 ਨੂੰ ਲੈ ਕੇ ਈਰਾਨ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਅਮਰੀਕਾ ਵਿਚ ਕੋਈ ਵੀ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ, ਈਰਾਨ ਨੇ ਵਿਸ਼ਵ ਕੱਪ ਦੇ ਬਾਈਕਾਟ ਦੀ ਆਪਣੀ ਪੁਰਾਣੀ ਧਮਕੀ ਵਾਪਸ ਲੈ ਲਈ ਹੈ ਅਤੇ ਉਹ ਟੂਰਨਾਮੈਂਟ ਵਿਚ ਹਿੱਸਾ ਜ਼ਰੂਰ ਲਵੇਗਾ, ਪਰ ਉਸ ਦੀ ਸ਼ਰਤ ਹੈ ਕਿ ਉਸ ਦੇ ਮੈਚ ਅਮਰੀਕਾ ਤੋਂ ਬਾਹਰ ਕਰਵਾਏ ਜਾਣ।
ਈਰਾਨ ਨੇ ਫੀਫਾ ਤੋਂ ਮੰਗ ਕੀਤੀ ਹੈ ਕਿ ਉਸ ਦੇ ਮੈਚਾਂ ਦਾ ਵੇਨਿਊ (ਮੈਦਾਨ) ਬਦਲਿਆ ਜਾਵੇ। ਇਸ ਫੈਸਲੇ ਪਿੱਛੇ ਅਮਰੀਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਨੂੰ ਵੀ ਅਹਿਮ ਮੰਨਿਆ ਜਾ ਰਿਹਾ ਹੈ, ਜਿਸ ਵਿਚ ਉਨ੍ਹਾਂ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਈਰਾਨੀ ਟੀਮ ਨੂੰ ਅਮਰੀਕਾ ਵਿਚ ਨਾ ਖੇਡਣ ਦੀ ਸਲਾਹ ਦਿੱਤੀ ਸੀ। ਈਰਾਨੀ ਫੁੱਟਬਾਲ ਮੁਖੀ ਮੇਹਦੀ ਤਾਜ ਨੇ ਪੁਸ਼ਟੀ ਕੀਤੀ ਹੈ ਕਿ ਟੀਮ ਆਪਣੀਆਂ ਤਿਆਰੀਆਂ ਵਿਚ ਜੁਟੀ ਹੋਈ ਹੈ ਅਤੇ ਉਹ ਤੁਰਕੀ ਵਿਚ ਟ੍ਰੇਨਿੰਗ ਕੈਂਪ ਲਗਾਉਣ ਦੇ ਨਾਲ-ਨਾਲ ਉੱਥੇ ਦੋ ਦੋਸਤਾਨਾ ਮੈਚ ਵੀ ਖੇਡੇਗੀ।
ਇਸ ਵਿਵਾਦ ਦੇ ਵਿਚਕਾਰ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬਾਮ ਨੇ ਇੱਕ ਨਵੀਂ ਰਾਹ ਦਿਖਾਈ ਹੈ। ਉਨ੍ਹਾਂ ਨੇ 17 ਮਾਰਚ ਨੂੰ ਪੇਸ਼ਕਸ਼ ਕੀਤੀ ਕਿ ਜੇਕਰ ਈਰਾਨ ਚਾਹੇ ਤਾਂ ਉਹ ਆਪਣੇ ਮੈਚ ਮੈਕਸੀਕੋ ਵਿੱਚ ਖੇਡ ਸਕਦਾ ਹੈ। ਜ਼ਿਕਰਯੋਗ ਹੈ ਕਿ 2026 ਦਾ ਵਿਸ਼ਵ ਕੱਪ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦੀ ਸਾਂਝੀ ਮੇਜ਼ਬਾਨੀ ਵਿਚ 11 ਜੂਨ ਤੋਂ 19 ਜੁਲਾਈ ਦੇ ਵਿਚਕਾਰ ਹੋਣਾ ਹੈ।
ਈਰਾਨ ਪਹਿਲਾਂ ਹੀ ਇਸ ਮਹਾਂਕੁੰਭ ਲਈ ਕੁਆਲੀਫਾਈ ਕਰ ਚੁੱਕਾ ਹੈ ਅਤੇ ਜੂਨ ਵਿਚ ਉਸ ਦੇ ਮੁਕਾਬਲੇ ਬੈਲਜੀਅਮ, ਮਿਸਰ ਅਤੇ ਨਿਊਜ਼ੀਲੈਂਡ ਵਿਰੁੱਧ ਤੈਅ ਹਨ, ਜੋ ਫਿਲਹਾਲ ਅਮਰੀਕਾ ਵਿਚ ਖੇਡੇ ਜਾਣੇ ਹਨ। ਫੀਫਾ ਨੇ ਅਜੇ ਤੱਕ ਸ਼ਡਿਊਲ ਵਿਚ ਕਿਸੇ ਵੀ ਬਦਲਾਅ ਤੋਂ ਇਨਕਾਰ ਕੀਤਾ ਹੈ ਅਤੇ ਸਾਰੀਆਂ ਟੀਮਾਂ ਨੂੰ ਤੈਅ ਪ੍ਰੋਗਰਾਮ ਦਾ ਪਾਲਣ ਕਰਨ ਲਈ ਕਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਕੀ ਫੀਫਾ ਈਰਾਨ ਦੀ ਮੰਗ ਅੱਗੇ ਝੁਕਦਾ ਹੈ ਜਾਂ ਈਰਾਨ ਨੂੰ ਆਪਣੇ ਰੁਖ ਵਿਚ ਬਦਲਾਅ ਕਰਨਾ ਪਵੇਗਾ।