-19 ਮਾਰਚ ਤੋਂ 28 ਮਾਰਚ ਦਰਮਿਆਨ ਚੱਲਣਗੀਆਂ ਉਡਾਣਾਂ
ਨਵੀਂ ਦਿੱਲੀ, 18 ਮਾਰਚ (ਪੰਜਾਬ ਮੇਲ)- ਏਅਰ ਇੰਡੀਆ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਉਹ 19 ਮਾਰਚ ਤੋਂ 28 ਮਾਰਚ ਦਰਮਿਆਨ ਉੱਤਰੀ ਅਮਰੀਕਾ ਅਤੇ ਯੂਰਪ ਦੇ ਪੰਜ ਮੁੱਖ ਰੂਟਾਂ ‘ਤੇ 36 ਵਾਧੂ ਉਡਾਣਾਂ ਚਲਾਏਗੀ। ਪੱਛਮੀ ਏਸ਼ੀਆ (ਮਿਡਲ ਈਸਟ) ਵਿਚ ਚੱਲ ਰਹੇ ਤਣਾਅ ਅਤੇ ਸੰਘਰਸ਼ ਕਾਰਨ ਅੰਤਰਰਾਸ਼ਟਰੀ ਯਾਤਰਾ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਇਨ੍ਹਾਂ ਉਡਾਣਾਂ ਨਾਲ ਕੁੱਲ 10,012 ਸੀਟਾਂ ਦਾ ਵਾਧਾ ਹੋਵੇਗਾ, ਜਿਸ ਨਾਲ ਸੀਮਤ ਯਾਤਰਾ ਵਿਕਲਪਾਂ ਦੇ ਦੌਰ ਵਿਚ ਮੁਸਾਫਰਾਂ ਨੂੰ ਰਾਹਤ ਮਿਲੇਗੀ।
ਏਅਰ ਇੰਡੀਆ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਵਾਧੂ ਸੇਵਾਵਾਂ ਦਿੱਲੀ-ਲੰਡਨ (ਹੀਥਰੋ), ਮੁੰਬਈ-ਲੰਡਨ (ਹੀਥਰੋ), ਦਿੱਲੀ-ਫਰੈਂਕਫਰਟ, ਦਿੱਲੀ-ਜ਼ਿਊਰਿਖ ਅਤੇ ਦਿੱਲੀ-ਟੋਰਾਂਟੋ ਦੇ ਰੂਟਾਂ ‘ਤੇ ਉਪਲਬਧ ਹੋਣਗੀਆਂ। ਇਸ ਤੋਂ ਪਹਿਲਾਂ ਵੀ ਏਅਰ ਇੰਡੀਆ ਨੇ 10 ਤੋਂ 18 ਮਾਰਚ ਦਰਮਿਆਨ 9 ਰੂਟਾਂ ‘ਤੇ 78 ਵਾਧੂ ਉਡਾਣਾਂ ਚਲਾਉਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ, ਏਅਰ ਇੰਡੀਆ ਐਕਸਪ੍ਰੈੱਸ ਨੇ ਪੱਛਮੀ ਏਸ਼ੀਆ ਖੇਤਰ ਲਈ 48 ਹੋਰ ਉਡਾਣਾਂ ਦਾ ਸੰਚਾਲਨ ਵੀ ਜਾਰੀ ਰੱਖਿਆ ਹੈ।
ਇਹ ਫੈਸਲਾ ਪੱਛਮੀ ਏਸ਼ੀਆ ਵਿਚ ਤੇਜ਼ੀ ਨਾਲ ਵਧ ਰਹੇ ਸੰਘਰਸ਼ ਦੇ ਵਿਚਕਾਰ ਲਿਆ ਗਿਆ ਹੈ। ਇਰਾਨ ਦੇ ਸੁਪਰੀਮ ਲੀਡਰ ਆਇਆਤੁੱਲਾ ਅਲੀ ਖਮੇਨੇਈ ਦੀ ਮੌਤ ਤੋਂ ਬਾਅਦ ਖੇਤਰ ਵਿਚ ਹਾਲਾਤ ਕਾਫੀ ਨਾਜ਼ੁਕ ਹੋ ਗਏ ਸਨ। ਇਰਾਨ ਨੇ ਹੋਰਮੁਜ਼ ਜਲ ਮਾਰਗ ਨੂੰ ਲਗਪਗ ਬੰਦ ਕਰ ਦਿੱਤਾ ਹੈ, ਜਿਸ ਨਾਲ ਗਲੋਬਲ ਸਪਲਾਈ ਚੇਨ ਅਤੇ ਊਰਜਾ ਸਪਲਾਈ ਪ੍ਰਭਾਵਿਤ ਹੋਈ ਹੈ। ਇਨ੍ਹਾਂ ਹਾਲਾਤ ਕਾਰਨ ਅੰਤਰਰਾਸ਼ਟਰੀ ਉਡਾਣਾਂ ਦੇ ਰੂਟ ਬਦਲਣੇ ਪੈ ਰਹੇ ਹਨ ਅਤੇ ਯਾਤਰਾ ਦੀ ਮੰਗ ਵਿਚ ਅਚਾਨਕ ਤੇਜ਼ੀ ਆ ਗਈ ਹੈ।
ਦਿੱਲੀ ਅਤੇ ਮੁੰਬਈ ਤੋਂ ਇਹ ਸਾਰੀਆਂ ਉਡਾਣਾਂ ਸਿੱਧੀਆਂ (ਨਾਨ-ਸਟਾਪ) ਹੋਣਗੀਆਂ।
ਇਰਾਨ ਅਤੇ ਆਲੇ-ਦੁਆਲੇ ਦੇ ਹਵਾਈ ਖੇਤਰ ਦੇ ਬੰਦ ਹੋਣ ਕਾਰਨ, ਉਡਾਣਾਂ ਦਾ ਰਸਤਾ ਥੋੜ੍ਹਾ ਲੰਬਾ ਹੋ ਸਕਦਾ ਹੈ, ਜਿਸ ਨਾਲ ਯਾਤਰਾ ਦੇ ਸਮੇਂ ਵਿਚ 1 ਤੋਂ 2 ਘੰਟੇ ਦਾ ਵਾਧਾ ਹੋ ਸਕਦਾ ਹੈ।
ਪੱਛਮੀ ਏਸ਼ੀਆ ਦੇ ਹਾਲਾਤ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ, ਇਸ ਲਈ ਯਾਤਰਾ ‘ਤੇ ਜਾਣ ਤੋਂ ਪਹਿਲਾਂ ਫਲਾਈਟ ਸਟੇਟਸ ਜ਼ਰੂਰ ਚੈੱਕ ਕਰਦੇ ਰਹੋ।
ਏਅਰ ਇੰਡੀਆ ਵੱਲੋਂ ਯੂਰਪ ਅਤੇ ਉੱਤਰੀ ਅਮਰੀਕਾ ਲਈ 36 ਵਾਧੂ ਉਡਾਣਾਂ ਦਾ ਐਲਾਨ

