#EUROPE

ਯੂ.ਕੇ. ਵੱਲੋਂ ਭਾਰਤ ਤੇ ਗਲਫ ਦੀਆਂ ਉਡਾਣਾਂ ਅਸਥਾਈ ਤੌਰ ‘ਤੇ ਮੁਅੱਤਲ!

-ਮੱਧ-ਪੂਰਬ ‘ਚ ਵਧ ਰਹੇ ਤਣਾਅ ਕਾਰਨ ਐਡਵਾਈਜ਼ਰੀ ਜਾਰੀ
ਲੰਡਨ, 2 ਮਾਰਚ (ਪੰਜਾਬ ਮੇਲ)- ਮੱਧ-ਪੂਰਬ ‘ਚ ਵਧ ਰਹੇ ਤਣਾਅ ਦੇ ਚੱਲਦਿਆਂ ਭਾਰਤ ਅਤੇ ਗਲਫ਼ ਦੇਸ਼ਾਂ ਨਾਲ ਜੁੜੀਆਂ ਕਈ ਉਡਾਣਾਂ ਰੱਦ ਜਾਂ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਹਵਾਈ ਖੇਤਰਾਂ ‘ਚ ਸੁਰੱਖਿਆ ਪਾਬੰਦੀਆਂ ਕਾਰਨ ਯੂਰਪ-ਏਸ਼ੀਆ ਰੂਟਾਂ ‘ਤੇ ਵੱਡਾ ਅਸਰ ਪਿਆ ਹੈ, ਜਿਸ ਨਾਲ ਯੂਕੇ ਦੇ ਮੁੱਖ ਹਵਾਈ ਅੱਡਿਆਂ ‘ਤੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੀਥਰੋ ਹਵਾਈ ਅੱਡੇ ਤੋਂ ਦੁਬਈ, ਦੋਹਾ, ਅਬੂ ਧਾਬੀ ਅਤੇ ਦਿੱਲੀ, ਮੁੰਬਈ ਜਾਣ ਵਾਲੀਆਂ ਕਈ ਉਡਾਣਾਂ ਰੱਦ ਹੋਣ ਦੀਆਂ ਖ਼ਬਰਾਂ ਹਨ। ਟਰਮੀਨਲਾਂ ‘ਚ ਯਾਤਰੀਆਂ ਦੀ ਭੀੜ ਦੇਖਣ ਨੂੰ ਮਿਲੀ ਅਤੇ ਕਈ ਲੋਕ ਅਗਲੀ ਉਡਾਣ ਦੀ ਉਡੀਕ ਕਰਦੇ ਰਹੇ। ਭਾਵੇਂ ਕਿ ਪ੍ਰਬੰਧਕਾਂ ਵੱਲੋਂ ਯਾਤਰੀਆਂ ਨੂੰ ਆਪਣੀ-ਆਪਣੀ ਏਅਰਲਾਈਨ ਨਾਲ ਸਿੱਧਾ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ ਪ੍ਰੰਤੂ ਏਅਰ ਇੰਡੀਆ ਦੀਆਂ ਰੱਦ ਹੋਈਆਂ ਉਡਾਣਾਂ ਨੂੰ ਦੱਸਣ ਲਈ ਅਮਲਾ ਉਪਲਬਧ ਹੀ ਨਹੀਂ ਸੀ। ਮੁੰਬਈ ਰਸਤੇ ਚੰਡੀਗੜ੍ਹ, ਅੰਮ੍ਰਿਤਸਰ ਜਾਣ ਵਾਲੇ ਯਾਤਰੀ ਸਹੀ ਸਹੂਲਤਾਂ ਨਾ ਮਿਲਣ ਕਾਰਨ ਏਅਰ ਇੰਡੀਆ ਤੋਂ ਕਿਨਾਰਾ ਕਰਦੇ ਦਿਸੇ।
ਇਸੇ ਤਰ੍ਹਾਂ ਮੈਨਚੈਸਟਰ, ਬਰਮਿੰਘਮ ਤੇ ਹੋਰ ਖੇਤਰੀ ਹਵਾਈ ਅੱਡਿਆਂ ਤੋਂ ਵੀ ਗਲਫ਼ ਦੇਸ਼ਾਂ ਲਈ ਚੱਲਣ ਵਾਲੀਆਂ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਕੁਝ ਰੂਟਾਂ ‘ਤੇ ਉਡਾਣਾਂ ਨੂੰ ਰੀ-ਰੂਟ ਕੀਤਾ ਗਿਆ ਹੈ, ਜਿਸ ਨਾਲ ਦੇਰੀ ਵੀ ਹੋ ਰਹੀ ਹੈ ਜਾਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਭਾਰਤ ਅਤੇ ਮੱਧ-ਪੂਰਬ ਰੂਟਾਂ ‘ਤੇ ਕਈ ਏਅਰਲਾਈਨਾਂ ਨੇ ਸੇਵਾਵਾਂ ਅਸਥਾਈ ਤੌਰ ‘ਤੇ ਰੋਕ ਦਿੱਤੀਆਂ ਹਨ, ਜਿਨ੍ਹਾਂ ਵਿਚ ਏਅਰ ਇੰਡੀਆ, ਇਮੇਰਾਤ, ਗਲਫ, ਇਜ਼ਰਾਈਲੀ ਉਡਾਣਾਂ ਪ੍ਰਮੁੱਖ ਹਨ। ਕਈ ਕੰਪਨੀਆਂ ਵੱਲੋਂ ਯਾਤਰੀਆਂ ਨੂੰ ਰੀ-ਬੁਕਿੰਗ ਜਾਂ ਪੂਰਾ ਰੀਫੰਡ ਦੇਣ ਦੀ ਸਹੂਲਤ ਦਿੱਤੀ ਗਈ ਹੈ।
ਇਸ ਦਰਮਿਆਨ ਵਿਦੇਸ਼, ਕਾਮਨਵੈਲਥ ਅਤੇ ਵਿਕਾਸ ਦਫ਼ਤਰ ਨੇ ਮੱਧ-ਪੂਰਬ ਦੇ ਕੁਝ ਖੇਤਰਾਂ ਲਈ ਯਾਤਰਾ ਸਲਾਹ ਅਪਡੇਟ ਕਰਦੇ ਹੋਏ ਬਿਨਾਂ ਲੋੜ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ। ਯਾਤਰੀਆਂ ਨੂੰ ਤਾਜ਼ਾ ਜਾਣਕਾਰੀ ਲਈ ਆਪਣੀ ਏਅਰਲਾਈਨ ਅਤੇ ਅਧਿਕਾਰਕ ਵੈੱਬਸਾਈਟਾਂ ‘ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਏਅਰ ਇੰਡੀਆ ਨੇ ਲੰਡਨ ਤੋਂ ਭਾਰਤ ਜਾਣ ਵਾਲੀਆਂ 7 ਉਡਾਣਾਂ ਨੂੰ ਸੁਰੱਖਿਆ ਕਾਰਨ ਕਰ ਕੇ ਰੱਦ ਕਰ ਦਿੱਤਾ ਗਿਆ।