– ਅਫਗਾਨਿਸਤਾਨ ‘ਚ 274 ਅਧਿਕਾਰੀ ਤੇ ਕਾਰਕੁਨ ਮਾਰੇ: ਪਾਕਿਸਤਾਨ;
– ਪਾਕਿਸਤਾਨ ਦੇ 12 ਫੌਜੀ ਹਲਾਕ
ਕਾਬੁਲ, 27 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਮੇਤ ਦੋ ਹੋਰ ਸ਼ਹਿਰਾਂ ‘ਤੇ ਬੰਬਾਰੀ ਕੀਤੀ ਹੈ। ਇਹ ਕਾਰਵਾਈ ਅਫ਼ਗਾਨ ਤਾਲਿਬਾਨ ਵੱਲੋਂ ਵੀਰਵਾਰ ਰਾਤ ਨੂੰ ਪਾਕਿਸਤਾਨੀ ਫੌਜੀ ਚੌਕੀਆਂ ‘ਤੇ ਹਮਲੇ ਕਰਨ ਦੇ ਐਲਾਨ ਤੋਂ ਬਾਅਦ ਹੋਈ ਹੈ। ਇਸ ਘਟਨਾ ਨੇ ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਨੂੰ ਹੋਰ ਵਧਾ ਦਿੱਤਾ ਹੈ, ਜਿਸ ਕਾਰਨ ਸੰਯੁਕਤ ਰਾਸ਼ਟਰ, ਚੀਨ, ਇਰਾਨ, ਤੁਰਕੀ ਅਤੇ ਸਾਊਦੀ ਅਰਬ ਵਰਗੇ ਦੇਸ਼ਾਂ ਨੇ ਦੋਵਾਂ ਪਾਸਿਆਂ ਨੂੰ ਜੰਗ ਰੋਕਣ ਦੀ ਅਪੀਲ ਕੀਤੀ ਹੈ। ਪਾਕਿਸਤਾਨੀ ਫੌਜ ਨੇ ਕਾਬੁਲ, ਕੰਧਾਰ ਅਤੇ ਪਕਤੀਕਾ ਵਿਚ ਹਮਲੇ ਕੀਤੇ ਹਨ।
ਪਾਕਿਸਤਾਨੀ ਫੌਜ ਦੇ ਬੁਲਾਰੇ ਅਨੁਸਾਰ ਵੀਰਵਾਰ ਰਾਤ ਤੋਂ ਸ਼ੁਰੂ ਹੋਈ ਜੰਗ ਵਿਚ ਹੁਣ ਤੱਕ ਅਫ਼ਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਦੇ 274 ਅਧਿਕਾਰੀ ਅਤੇ ਕਾਰਕੁਨ ਮਾਰੇ ਗਏ ਹਨ। ਦੂਜੇ ਪਾਸੇ ਪਾਕਿਸਤਾਨ ਨੇ ਮੰਨਿਆ ਕਿ ਇਸ ਜੰਗ ਵਿਚ ਉਸ ਦੇ 12 ਫੌਜੀ ਹਲਾਕ ਹੋ ਗਏ ਹਨ। ਪਾਕਿਸਤਾਨੀ ਹਵਾਈ ਸੈਨਾ ਨੇ ਅਫ਼ਗਾਨਿਸਤਾਨ ਦੇ 22 ਵੱਖ-ਵੱਖ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਹਨ, ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਇਹ ਹਮਲੇ ਅਫ਼ਗਾਨਿਸਤਾਨ ਵੱਲੋਂ ਪਾਕਿਸਤਾਨੀ ਸਰਹੱਦੀ ਚੌਕੀਆਂ ‘ਤੇ ਕੀਤੇ ਗਏ ਹਮਲੇ ਦੇ ਜਵਾਬ ਵਿਚ ਕੀਤੇ ਗਏ ਹਨ। ਪਾਕਿਸਤਾਨੀ ਫੌਜ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਸਰਹੱਦ ਦੀ ਰਾਖੀ ਲਈ ਹਰ ਯਤਨ ਕਰਨਗੇ ਅਤੇ ਇਹ ਅਪ੍ਰੇਸ਼ਨ ਹਾਲੇ ਵੀ ਜਾਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਜੰਗ ਤੇਜ਼ ਹੋ ਗਈ ਹੈ ਤੇ ਰਾਜਧਾਨੀ ਕਾਬੁਲ ਸਮੇਤ ਕਈ ਇਲਾਕਿਆਂ ਵਿਚ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਅੰਤਰਰਾਸ਼ਟਰੀ ਭਾਈਚਾਰਾ ਇਸ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਦੋਵਾਂ ਦੇਸ਼ਾਂ ਨੂੰ ਸੰਜਮ ਵਰਤਣ ਦੀ ਅਪੀਲ ਕਰ ਰਿਹਾ ਹੈ।
ਦੂਜੇ ਪਾਸੇ ਕਈ ਦੇਸ਼ਾਂ ਨੇ ਇਸ ਮਾਮਲੇ ਵਿਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿੱਥੇ ਇਰਾਨ ਨੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ ਅਤੇ ਚੀਨ ਨੇ ਗੱਲਬਾਤ ‘ਤੇ ਜ਼ੋਰ ਦਿੱਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਮੇਤ ਕਈ ਮੰਤਰੀਆਂ ਨੇ ਆਪਣੀ ਫੌਜ ਦੀ ਕਾਰਵਾਈ ਦੀ ਸ਼ਲਾਘਾ ਕੀਤੀ ਹੈ ਅਤੇ ਰੱਖਿਆ ਮੰਤਰੀ ਨੇ ਅਫ਼ਗਾਨ ਤਾਲਿਬਾਨ ਵਿਰੁੱਧ ਖੁੱਲ੍ਹੀ ਜੰਗ ਦਾ ਐਲਾਨ ਕਰ ਦਿੱਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਹੁਣ ਅਫ਼ਗਾਨ ਲੀਡਰਸ਼ਿਪ ਨੂੰ ਸਖ਼ਤ ਸਜ਼ਾ ਦੇਣ ਦੇ ਮੂਡ ਵਿਚ ਹੈ ਕਿਉਂਕਿ ਉਨ੍ਹਾਂ ‘ਤੇ ਪਾਕਿਸਤਾਨੀ ਤਾਲਿਬਾਨ ਦੀ ਮਦਦ ਕਰਨ ਦੇ ਦੋਸ਼ ਲੱਗ ਰਹੇ ਹਨ। ਹਾਲਾਂਕਿ ਪਾਕਿਸਤਾਨ ਕੋਲ ਪਰਮਾਣੂ ਹਥਿਆਰ ਅਤੇ ਵੱਡੀ ਫੌਜ ਹੋਣ ਕਾਰਨ ਅਫ਼ਗਾਨ ਤਾਲਿਬਾਨ ਲਈ ਸਿੱਧੀ ਜੰਗ ਲੜਨਾ ਕਾਫੀ ਮੁਸ਼ਕਲ ਜਾਪਦਾ ਹੈ।
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੇ ਕਾਬੁਲ ਤੇ ਦੋ ਹੋਰ ਸ਼ਹਿਰਾਂ ‘ਤੇ ਬੰਬਾਰੀ

