ਅੰਮ੍ਰਿਤਸਰ, 27 ਫਰਵਰੀ (ਪੰਜਾਬ ਮੇਲ)- ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਕੁਰਲੀ ਕਰਨ ਵਾਲੇ ਦਿੱਲੀ ਦੇ ਨੌਜਵਾਨ ਸੁਭਾਨ ਰੰਗਰੇਜ਼ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪਹਿਲੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਸਨੇ ਕਿਹਾ, “ਅੱਲ੍ਹਾ ਦਾ ਸ਼ੁਕਰ ਹੈ, ਮੈਂ ਸਹੀ ਸਲਾਮਤ ਹਾਂ।”
ਕੀ ਹੈ ਮਾਮਲਾ : ਇਹ ਮਾਮਲਾ 13 ਜਨਵਰੀ ਦਾ ਹੈ, ਜਦੋਂ ਦਿੱਲੀ ਦਾ ਰਹਿਣ ਵਾਲਾ ਸੁਭਾਨ ਰੰਗਰੇਜ਼ ਸ੍ਰੀ ਹਰਿਮੰਦਰ ਸਾਹਿਬ ਆਇਆ ਸੀ। ਉੱਥੇ ਉਸਨੇ ਪਵਿੱਤਰ ਸਰੋਵਰ ਵਿੱਚ ਬੈਠ ਕੇ ਕੁਰਲੀ ਕੀਤੀ ਸੀ। ਇਸ ਤੋਂ ਬਾਅਦ ਉਸਨੇ ਆਪਣੇ ਸਾਥੀ ਤੋਂ ਵੀਡੀਓ ਬਣਵਾਈ ਅਤੇ ਦਰਬਾਰ ਸਾਹਿਬ ਵੱਲ ਉਂਗਲ ਵੀ ਉਠਾਈ। ਉਸਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ‘ਮੁਸਲਿਮ ਸ਼ੇਰ’ ਲਿਖ ਕੇ ਅਪਲੋਡ ਕਰ ਦਿੱਤਾ ਸੀ। ਇਸ ਤੋਂ ਬਾਅਦ ਇਹ ਮਾਮਲਾ ਐਸ.ਜੀ.ਪੀ.ਸੀ ਕੋਲ ਪਹੁੰਚ ਗਿਆ, ਜਿਨ੍ਹਾਂ ਅਨੁਸਾਰ ਮੁਲਜ਼ਮ ਨੇ ਮੱਥਾ ਵੀ ਨਹੀਂ ਟੇਕਿਆ ਸੀ ਅਤੇ ਸਿਰਫ ਬੇਅਦਬੀ ਕਰਨ ਦੀ ਨੀਅਤ ਨਾਲ ਹੀ ਆਇਆ ਸੀ। ਇਸ ਤੋਂ ਬਾਅਦ ਅੰਮ੍ਰਿਤਸਰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।
ਜੇਲ੍ਹ ਜਾਣ ਤੋਂ ਪਹਿਲਾਂ 2 ਵਾਰ ਮੰਗੀ ਸੀ ਮੁਆਫ਼ੀ : 24 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਨਿਹੰਗ ਸਿੰਘਾਂ ਨੇ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਸੀ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ। ਬਾਅਦ ਵਿੱਚ ਉਸਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਅਤੇ ਅੰਮ੍ਰਿਤਸਰ ਪੁਲਸ ਉਸਨੂੰ ਇੱਥੇ ਲੈ ਆਈ। ਹਾਲਾਂਕਿ ਸੁਭਾਨ ਨੇ ਜੇਲ੍ਹ ਜਾਣ ਤੋਂ ਪਹਿਲਾਂ ਦੋ ਵਾਰ ਵੀਡੀਓ ਜਾਰੀ ਕਰਕੇ ਮਾਫੀ ਮੰਗਣ ਦੀ ਕੋਸ਼ਿਸ਼ ਕੀਤੀ ਸੀ, ਪਰ ਸਿੱਖ ਜਥੇਬੰਦੀਆਂ ਨੇ ਉਸਦੇ ਅੰਦਾਜ਼ (ਐਟੀਟਿਊਡ) ਨੂੰ ਦੇਖਦੇ ਹੋਏ ਉਸਨੂੰ ਮਾਫ ਨਹੀਂ ਕੀਤਾ ਸੀ।

