#AMERICA

ਮੈਨੂੰ ਟਕੋਮਾ ਡਿਟੈਨਸ਼ਨ ਸੈਂਟਰ ‘ਚ ਜਾਣ ਤੋਂ ਰੋਕਿਆ ਗਿਆ – ਪ੍ਰਾਮਿਲਾ ਜਯਾਪਾਲ

ਸੈਕਰਾਮੈਂਟੋ, 25 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਸਦਨ ਦੀ ਇਮੀਗ੍ਰੇਸ਼ਨ, ਇੰਟੈਗਰਿਟੀ, ਸਕਿਉਰਿਟੀ ਅਤੇ ਇਨਫੋਰਸਮੈਂਟ ਸਬ ਕਮੇਟੀ ਦੀ ਅਹਿਮ ਮੈਂਬਰ ਪ੍ਰਾਮਿਲਾ ਜਯਾਪਾਲ ਨੇ ਕਿਹਾ ਹੈ ਕਿ ਉਸ ਵਲੋਂ ਕੀਤੇ ਉੱਤਰ ਪੱਛਮੀ ਆਈ.ਸੀ.ਈ. ਪ੍ਰੋਸੈਸਿੰਗ ਸੈਂਟਰ ਦੇ ਨਿਰੀਖਣ ਵਿਚ ਰੁਕਾਵਟਾਂ ਪਾਈਆਂ ਗਈਆਂ, ਜਾਣਬੁੱਝ ਕੇ ਕਈ ਘੰਟੇ ਦੇਰੀ ਕੀਤੀ ਗਈ, ਹਾਲਾਂਕਿ ਉਸ ਨੇ ਇਸ ਸਬੰਧੀ ਅਗਾਊਂ ਸੂਚਿਤ ਕੀਤਾ ਸੀ। ਟਕੋਮਾ ਡਿਟੈਨਸ਼ਨ ਸੈਂਟਰ ਦੇ ਦੌਰੇ ਤੋਂ ਬਾਅਦ ਕਾਂਗਰਸ ਮੈਂਬਰ ਜਯਾਪਾਲ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਉਸ ਨੇ ਡਿਟੈਨਸ਼ਨ ਸੈਂਟਰ ਦੇ ਨਿਰੀਖਣ ‘ਤੇ ਫੜੇ ਕੁਝ ਲੋਕਾਂ ਲਈ ਰਿਲੀਜ਼ ਫਾਰਮ ਲੈਣ ਵਾਸਤੇ 8 ਦਿਨਾਂ ਦਾ ਨੋਟਿਸ ਦਿੱਤਾ ਸੀ। ਇਸ ਦੇ ਬਾਵਜੂਦ ਅਧਿਕਾਰੀਆਂ ਨੇ ਮੈਨੂੰ ਕਿਹਾ ਕਿ ਉਨ੍ਹਾਂ ਨੂੰ ਕੇਵਲ ਡਿਟੈਨਸ਼ਨ ਸੈਂਟਰ ਦੇ ਦੌਰੇ ਦੀ ਪ੍ਰਵਾਨਗੀ ਦਿੱਤੀ ਗਈ ਹੈ ਤੇ ਉਹ ਫੜੇ ਵਿਅਕਤੀਆਂ ਜਾਂ ਸੀਨੀਅਰ ਸਟਾਫ ਨੂੰ ਨਹੀਂ ਮਿਲ ਸਕਦੇ। ਇਸ ‘ਤੇ ਉਸ ਨੇ ਡਿਟੈਨਸ਼ਨ ਸੈਂਟਰ ਵਿਚੋਂ ਜਾਣ ਤੋਂ ਨਾਂਹ ਕਰ ਦਿੱਤੀ ਤੇ ਕਈ ਘੰਟਿਆਂ ਤੋਂ ਬਾਅਦ ਉਸ ਨੂੰ ਇਕ ਵਿਅਕਤੀ ਨੂੰ ਮਿਲਾਇਆ ਗਿਆ, ਜਿਸ ਦਾ ਵਕੀਲ ਵੀ ਉਥੇ ਮੌਜੂਦ ਸੀ। ਉਨ੍ਹਾਂ ਕਿਹਾ ਕਿ ਇਹ ਮੁਲਾਕਾਤ ਵੀ ਵਕੀਲ ਦੇ ਪ੍ਰਾਈਵੇਟ ਕਮਰੇ ਦੀ ਬਜਾਏ ਜਨਤਕ ਆਵਾਜਾਈ ਵਾਲੇ ਖੇਤਰ ਵਿਚ ਕਰਵਾਈ ਗਈ, ਜਦਕਿ ਇਕ ਕਾਂਗਰਸ ਮੈਂਬਰ ਵਜੋਂ ਮੈਨੂੰ ਪਹਿਲਾਂ ਨਿੱਜੀ ਕਮਰੇ ਵਿਚ ਮਿਲਣ ਦੀ ਇਜਾਜ਼ਤ ਦਿੱਤੀ ਗਈ ਸੀ। ਜਯਾਪਾਲ ਨੇ ਕਿਹਾ ਕਿ ਮੇਰਾ ਇਹ ਤਜ਼ਰਬਾ ਬਹੁਤ ਮਾੜਾ ਰਿਹਾ, ਜਦਕਿ ਫੜਿਆ ਗਿਆ ਵਿਅਕਤੀ ਜਿਸ ਨੂੰ ਉਹ ਮਿਲਣ ਗਈ ਸੀ, ਆਪਣੀ 8 ਸਾਲਾ ਅਮਰੀਕੀ ਨਾਗਰਿਕ ਧੀ ਦੀ ਦੇਖਭਾਲ ਕਰਨ ਵਾਲਾ ਇਕੋ-ਇਕ ਵਿਅਕਤੀ ਹੈ। ਇਸ ਵਿਅਕਤੀ ਨੂੰ ਗੰਭੀਰ ਸਿਹਤ ਸਮੱਸਿਆਵਾਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਭ ਲਈ ਹੋਮਲੈਂਡ ਸਕਿਉਰਿਟੀ ਵਿਭਾਗ ਦੀ ਅੰਡਰ ਸੈਕਟਰੀ ਕ੍ਰਿਸਟੀ ਨੋਏਮ ਜ਼ਿੰਮੇਵਾਰ ਹੈ। ਜਯਾਪਾਲ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਦੁਬਾਰਾ ਫਿਰ ਡਿਟੈਨਸ਼ਨ ਸੈਂਟਰ ਜਾਵੇਗੀ ਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਰੰਤਰ ਨਿਭਾਉਂਦੀ ਰਹੇਗੀ।