– ਪੂਰੇ ਬਾਲੀਵੁੱਡ ਨੂੰ ਦਿੱਤੀ ਚਿਤਾਵਨੀ
ਮੁੰਬਈ, 2 ਫਰਵਰੀ (ਪੰਜਾਬ ਮੇਲ)- ਮੁੰਬਈ ਦੇ ਜੂਹੂ ਇਲਾਕੇ ਵਿੱਚ ਸਥਿਤ ਮਸ਼ਹੂਰ ਫਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਘਰ ਦੇ ਬਾਹਰ ਦੇਰ ਰਾਤ ਹੋਈ ਗੋਲੀਬਾਰੀ ਨੇ ਪੂਰੀ ਇੰਡਸਟਰੀ ਵਿਚ ਸਨਸਨੀ ਫੈਲਾ ਦਿੱਤੀ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਕੁਖਿਆਤ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਘਟਨਾ ਦੇ ਸਮੇਂ ਰੋਹਿਤ ਸ਼ੈੱਟੀ ਆਪਣੇ ਘਰ ਦੇ ਅੰਦਰ ਹੀ ਮੌਜੂਦ ਸਨ, ਹਾਲਾਂਕਿ ਇਸ ਹਮਲੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਸੂਤਰਾਂ ਅਨੁਸਾਰ, ਇਹ ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ, ਜਦੋਂ ‘ਸ਼ੈੱਟੀ ਟਾਵਰ’ ਦੇ ਬਾਹਰ ਕਈ ਰਾਊਂਡ ਫਾਇਰਿੰਗ ਕੀਤੀ ਗਈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਮਲਾਵਰ ਬਾਈਕ ‘ਤੇ ਆਇਆ ਸੀ ਅਤੇ ਉਸਨੇ ਪੈਦਲ ਚੱਲਦਿਆਂ ਇਮਾਰਤ ਵੱਲ ਚਾਰ ਤੋਂ ਪੰਜ ਰਾਊਂਡ ਫਾਇਰ ਕੀਤੇ। ਸੀ.ਸੀ.ਟੀ.ਵੀ. ਵਿਚ ਹਮਲਾਵਰ ਨੂੰ ਚੱਲਦੇ ਹੋਏ ਫਾਇਰਿੰਗ ਕਰਦੇ ਦੇਖਿਆ ਗਿਆ ਹੈ।
ਸ਼ੁਭਮ ਲੋਨਕਰ ਆਰਜ਼ੂ ਬਿਸ਼ਨੋਈ ਅਤੇ ਹੈਰੀ ਬਾਕਸਰ ਹਰਮਨ ਸੰਧੂ ਨਾਮ ਦੇ ਵਿਅਕਤੀਆਂ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ਵਿਚ ਲਿਖਿਆ ਕਿ ਰੋਹਿਤ ਸ਼ੈੱਟੀ ਨੂੰ ਵਾਰ-ਵਾਰ ਉਨ੍ਹਾਂ ਦੇ ਕੰਮ ਵਿਚ ਦਖਲ ਨਾ ਦੇਣ ਲਈ ਸੁਨੇਹਾ ਭੇਜਿਆ ਗਿਆ ਸੀ, ਪਰ ਉਹ ਨਹੀਂ ਸਮਝਿਆ। ਗੈਂਗ ਨੇ ਇਸ ਹਮਲੇ ਨੂੰ ਸਿਰਫ਼ ਇੱਕ ”ਟ੍ਰੇਲਰ” ਦੱਸਿਆ ਹੈ। ਧਮਕੀ ਦਿੱਤੀ ਗਈ ਹੈ ਕਿ ਜੇਕਰ ਉਹ ਅਜੇ ਵੀ ਨਹੀਂ ਸਮਝਿਆ, ਤਾਂ ਅਗਲੀ ਵਾਰ ਗੋਲੀ ਘਰ ਦੇ ਬਾਹਰ ਨਹੀਂ, ਬਲਕਿ ਉਸ ਦੇ ਬੈੱਡਰੂਮ ਵਿਚ ਚੱਲੇਗੀ। ਇਸ ਦੇ ਨਾਲ ਹੀ ਪੂਰੇ ਬਾਲੀਵੁੱਡ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ।
ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਅਤੇ ਜੂਹੂ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਿਸ ਇਸ ਗੱਲ ਦੀ ਵੀ ਪੜਤਾਲ ਕਰ ਰਹੀ ਹੈ ਕਿ ਕੀ ਇਸ ਹਮਲੇ ਦਾ ਤਰੀਕਾ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਨਾਲ ਮਿਲਦਾ-ਜੁਲਦਾ ਹੈ। ਘਟਨਾ ਤੋਂ ਬਾਅਦ ਸ਼ੈੱਟੀ ਟਾਵਰ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿੱਤੇ ਗਏ ਹਨ।
ਰੋਹਿਤ ਸ਼ੈੱਟੀ ਦੇ ਘਰ ਬਾਹਰ ਫਾਇਰਿੰਗ ਦੀ ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ

