ਦਿੱਲੀ, 22 ਜਨਵਰੀ (ਪੰਜਾਬ ਮੇਲ)- ਦਿੱਲੀ ਦੀ ਅਦਾਲਤ ਨੇ 1984 ਸਿੱਖ ਨਸਲਕੁਸ਼ੀ ਦੌਰਾਨ ਰਾਜਧਾਨੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਵਿੱਚ ਹੋਈ ਹਿੰਸਾ ਨਾਲ ਸਬੰਧਤ ਮਾਮਲੇ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਹੈ। ਵਿਸ਼ੇਸ਼ ਜੱਜ ਡੀ.ਆਈ.ਜੀ. ਵਿਨੈ ਸਿੰਘ ਨੇ ਪਿਛਲੇ ਸਾਲ ਦਸੰਬਰ ਵਿੱਚ ਮਾਮਲੇ ਵਿੱਚ ਅੰਤਿਮ ਬਹਿਸ ਪੂਰੀ ਹੋਣ ਤੋਂ ਬਾਅਦ 22 ਜਨਵਰੀ ਲਈ ਫੈਸਲਾ ਰਾਖਵਾਂ ਰੱਖ ਲਿਆ ਸੀ। ਫਰਵਰੀ 2015 ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਦਿੱਲੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਵਿੱਚ ਸਿੱਖ ਨਸਲਕੁਸ਼ੀ ਦੌਰਾਨ ਹਿੰਸਾ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਸੱਜਣ ਕੁਮਾਰ ਖਿਲਾਫ਼ ਦੋ ਐਫਆਈਆਰ ਦਰਜ ਕੀਤੀਆਂ ਸਨ।
ਪਹਿਲੀ ਐਫਆਈਆਰ ਜਨਕਪੁਰੀ ਵਿੱਚ ਹੋਈ ਹਿੰਸਾ ਬਾਰੇ ਸੀ, ਜਿੱਥੇ 1 ਨਵੰਬਰ, 1984 ਨੂੰ ਦੋ ਵਿਅਕਤੀ ਸੋਹਣ ਸਿੰਘ ਅਤੇ ਉਸ ਦਾ ਜਵਾਈ ਅਵਤਾਰ ਸਿੰਘ ਮਾਰੇ ਗਏ ਸਨ। ਦੂਜੀ ਐਫਆਈਆਰ ਗੁਰਚਰਨ ਸਿੰਘ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਸੀ, ਜਿਸ ਨੂੰ ਕਥਿਤ 2 ਨਵੰਬਰ, 1984 ਨੂੰ ਵਿਕਾਸਪੁਰੀ ਵਿੱਚ ਅੱਗ ਲਗਾ ਦਿੱਤੀ ਗਈ ਸੀ। ਇਸ ਹਿੰਸਾ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਇਹ ਫ਼ੈਸਲਾ ਰਾਊਜ਼ ਐਵੇਨਿਊ ਅਦਾਲਤ ਨੇ ਸੁਣਾਇਆ ਹੈ।
ਇਥੇ ਜ਼ਿਕਰ ਯੋਗ ਹੈ ਕਿ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਦੇ ਦੋ ਹੋਰ ਮਾਮਲਿਆਂ ਵਿਚ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ ਅਤੇ ਉਹ ਜੇਲ ਵਿੱਚ ਬੰਦ ਹੈ।
ਇਨਸਾਫ਼ ਲਈ ਲੜ ਰਹੀ ਇਕ ਪੀੜਤ ਪਰਿਵਾਰਕ ਮੈਂਬਰ ਸਿੱਖ ਬੀਬੀ ਫੈਸਲਾ ਸੁਣ ਕੇ ਰੋ ਪਈ। ਉਸ ਨੇ ਕਿਹਾ-“ਸਾਨੂੰ ਇਨਸਾਫ਼ ਕਿਉਂ ਨਹੀਂ ਮਿਲ ਰਿਹਾ? ਅਦਾਲਤ ਨੇ ਉਸ ਨੂੰ ਬਰੀ ਕਿਉਂ ਕਰ ਦਿੱਤਾ? ਸਾਡੇ 11 ਲੋਕ ਮਾਰੇ ਗਏ ਸਨ।”

