ਯੇਰੂਸ਼ਲਮ, 19 ਜੂਨ (ਪੰਜਾਬ ਮੇਲ)- ਇਜ਼ਰਾਈਲ ਤੇ ਈਰਾਨ ਦਰਮਿਆਨ ਵਧਦੀ ਖਤਰਨਾਕ ਜੰਗ ਦੀਆਂ ਚਿੰਤਾਵਾਂ ਪਿੱਛੋਂ ਖੁਫੀਆ ਰਿਪੋਰਟਾਂ ਦੀ ਸਮੀਖਿਆ ਕਰਨ ਵਾਲੇ ਅਮਰੀਕੀ ਅਧਿਕਾਰੀਆਂ ਅਨੁਸਾਰ ਜੇ ਅਮਰੀਕਾ ਇਜ਼ਰਾਈਲ ਦੀ ਜੰਗ ਵਿਚ ਸ਼ਾਮਲ ਹੁੰਦਾ ਹੈ, ਤਾਂ ਈਰਾਨ ਨੇ ਮੱਧ ਪੂਰਬ ਵਿਚ ਅਮਰੀਕੀ ਠਿਕਾਣਿਆਂ ‘ਤੇ ਹਮਲੇ ਲਈ ਮਿਜ਼ਾਈਲਾਂ ਤੇ ਹੋਰ ਫੌਜੀ ਉਪਕਰਨ ਤਿਆਰ ਕੀਤੇ ਹਨ। ਅਮਰੀਕਾ ਨੇ ਯੂਰਪ ‘ਚ ਲਗਭਗ ਤਿੰਨ ਦਰਜਨ ਰੀਫਿਊਲਿੰਗ ਜਹਾਜ਼ ਭੇਜੇ ਹਨ, ਜਿਨ੍ਹਾਂ ਦੀ ਵਰਤੋਂ ਅਮਰੀਕੀ ਠਿਕਾਣਿਆਂ ਦੀ ਰੱਖਿਆ ਕਰਨ ਵਾਲੇ ਲੜਾਕੂ ਜਹਾਜ਼ਾਂ ਦੀ ਸਹਾਇਤਾ ਲਈ ਕੀਤੀ ਜਾ ਸਕਦੀ ਹੈ ਜਾਂ ਜਿਨ੍ਹਾਂ ਨੂੰ ਈਰਾਨੀ ਪ੍ਰਮਾਣੂ ਸਹੂਲਤਾਂ ‘ਤੇ ਕਿਸੇ ਵੀ ਸੰਭਾਵੀ ਹਮਲੇ ਵਿਚ ਸ਼ਾਮਿਲ ਬੰਬਾਰਾਂ ਦੀ ਹੱਦ ਨੂੰ ਵਧਾਉਣ ਲਈ ਵਰਤਿਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਅਧਿਕਾਰੀਆਂ ਵਿਚ ਇਕ ਵਿਸ਼ਾਲ ਜੰਗ ਦਾ ਡਰ ਵਧ ਰਿਹਾ ਹੈ ਕਿਉਂਕਿ ਇਜ਼ਰਾਈਲ ਵ੍ਹਾਈਟ ਹਾਊਸ ‘ਤੇ ਈਰਾਨ ਨਾਲ ਆਪਣੇ ਟਕਰਾਅ ਵਿਚ ਦਖਲ ਦੇਣ ਲਈ ਦਬਾਅ ਪਾ ਰਿਹਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਜੇਕਰ ਅਮਰੀਕਾ ਇਜ਼ਰਾਈਲੀ ਮੁਹਿੰਮ ਵਿਚ ਸ਼ਾਮਲ ਹੁੰਦਾ ਹੈ ਤੇ ਮੁੱਖ ਈਰਾਨੀ ਪ੍ਰਮਾਣੂ ਸਹੂਲਤ ਫੋਰਡੋ ‘ਤੇ ਹਮਲਾ ਕਰਦਾ ਹੈ, ਤਾਂ ਇਰਾਨ-ਸਮਰਥਕ ਹੂਤੀ ਮਿਲੀਸ਼ੀਆ ਯਕੀਨੀ ਤੌਰ ‘ਤੇ ਲਾਲ ਸਾਗਰ ਵਿਚ ਜਹਾਜ਼ਾਂ ‘ਤੇ ਹਮਲਾ ਕਰਨਾ ਦੁਬਾਰਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਰਾਕ ਤੇ ਸੀਰੀਆ ਵਿਚ ਇਰਾਨ ਪੱਖੀ ਮਿਲੀਸ਼ੀਆ ਅਮਰੀਕੀ ਠਿਕਾਣਿਆਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਕਮਾਂਡਰਾਂ ਨੇ ਸੰਯੁਕਤ ਅਰਬ ਅਮੀਰਾਤ, ਜਾਰਡਨ ਤੇ ਸਾਊਦੀ ਅਰਬ ਸਮੇਤ ਪੂਰੇ ਖੇਤਰ ਵਿਚ ਫਨਜੀ ਠਿਕਾਣਿਆਂ ‘ਤੇ ਅਮਰੀਕੀ ਫੌਜਾਂ ਨੂੰ ਹਾਈ ਅਲਰਟ ‘ਤੇ ਰੱਖਿਆ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਮੱਧ ਪੂਰਬ ਵਿਚ 40,000 ਤੋਂ ਵੱਧ ਫੌਜੀ ਤਾਇਨਾਤ ਹਨ। ਦੋ ਈਰਾਨੀ ਅਧਿਕਾਰੀਆਂ ਨੇ ਸਵੀਕਾਰ ਕੀਤਾ ਹੈ ਕਿ ਜੇਕਰ ਸੰਯੁਕਤ ਰਾਜ ਅਮਰੀਕਾ ਇਜ਼ਰਾਈਲ ਦੀ ਜੰਗ ਵਿਚ ਸ਼ਾਮਲ ਹੁੰਦਾ ਹੈ, ਤਾਂ ਦੇਸ਼ ਮੱਧ ਪੂਰਬ ਵਿਚ ਅਮਰੀਕੀ ਟਿਕਾਣਿਆਂ ‘ਤੇ ਹਮਲਾ ਇਰਾਕੀ ਠਿਕਾਣਿਆਂ ਤੋਂ ਸ਼ੁਰੂ ਕਰੇਗਾ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਇਕ ਬਿਆਨ ਵਿਚ ਕਿਹਾ ਕਿ ਜੇ ਜੰਗ ਫੈਲਦੀ ਹੈ, ਤਾਂ ਇਸ ਦਾ ਦੋਸ਼ ਇਜ਼ਰਾਈਲ ਤੇ ਉਸ ਦੇ ਵੱਡੇ ਸਮਰਥਕਾਂ ‘ਤੇ ਲੱਗੇਗਾ। ਅਮਰੀਕੀ ਅਧਿਕਾਰੀਆਂ ਨੇ ਮੰਨਿਆ ਹੈ ਕਿ ਈਰਾਨ ਇਸ ਖੇਤਰ ਵਿਚ ਅਮਰੀਕੀ ਟਿਕਾਣਿਆਂ ‘ਤੇ ਹਮਲਾ ਕਰਨ ਲਈ ਬਹੁਤੀ ਤਿਆਰੀ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਈਰਾਨੀ ਫੌਜ ਦੇ ਬਹਿਰੀਨ, ਕਤਰ ਤੇ ਸੰਯੁਕਤ ਅਰਬ ਅਮੀਰਾਤ ਤੱਕ ਆਸਾਨੀ ਨਾਲ ਮਾਰ ਕਰਨ ਵਾਲੀ ਰੇਂਜ ਦੇ ਅੰਦਰ ਮਿਜ਼ਾਈਲ ਬੇਸ ਹਨ। ਹਾਲ ਹੀ ਦੇ ਦਿਨਾਂ ‘ਚ ਅਮਰੀਕੀ ਫੌਜਾਂ ਦੇ ਜੰਗ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਵਧ ਗਈ ਹੈ ਕਿਉਂਕਿ ਇਜ਼ਰਾਈਲ ਨੇ ਆਪਣੀ ਮੁਹਿੰਮ ਜਾਰੀ ਰੱਖੀ ਹੈ ਅਤੇ ਈਰਾਨ ਨੇ ਜਵਾਬ ‘ਚ ਇਜ਼ਰਾਈਲ ‘ਤੇ ਮਿਜ਼ਾਈਲਾਂ ਦੀ ਵਾਛੜ ਕੀਤੀ ਹੈ।
ਈਰਾਨ ਅਮਰੀਕੀ ਟਿਕਾਣਿਆਂ ‘ਤੇ ਸੰਭਾਵਿਤ ਜਵਾਬੀ ਹਮਲਿਆਂ ਲਈ ਮਿਜ਼ਾਈਲਾਂ ਕਰ ਰਿਹਾ ਤਿਆਰ
