-ਗੋਆ ‘ਚ 2016 ਤੋਂ ਰਹਿ ਰਿਹੈ ਪਾਕਿਸਤਾਨੀ ਨਾਗਰਿਕ
ਨਵੀਂ ਦਿੱਲੀ, 6 ਜੂਨ (ਪੰਜਾਬ ਮੇਲ)- ਗੋਆ ਵਿਚ 2016 ਤੋਂ ਵੀਜ਼ੇ ‘ਤੇ ਰਹਿ ਰਹੇ ਪਾਕਿਸਤਾਨੀ ਨਾਗਰਿਕ ਨੇ ਕੇਂਦਰ ਸਰਕਾਰ ਵੱਲੋਂ ਪਹਿਲਗਾਮ ਹਮਲੇ ਮਗਰੋਂ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਜੰਮੂ ਕਸ਼ਮੀਰ ਦੇ ਪਹਿਲਗਾਮ ‘ਚ 22 ਅਪ੍ਰੈਲ ਨੂੰ ਹੋਏ ਦਹਿਸ਼ਤੀ ਹਮਲੇ ‘ਚ 26 ਵਿਅਕਤੀ ਮਾਰੇ ਗਏ ਸਨ। ਹਮਲੇ ਮਗਰੋਂ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਪਾਕਿਸਤਾਨੀਆਂ ਨੂੰ ਜਾਰੀ ਵੀਜ਼ੇ ਰੱਦ ਕਰ ਦਿੱਤੇ ਸਨ। ਹਾਲਾਂਕਿ ਕੁਝ ਮਾਮਲਿਆਂ ‘ਚ ਛੋਟ ਦਿੱਤੀ ਗਈ ਸੀ।
ਪਾਕਿਸਤਾਨੀ ਨਾਗਰਿਕ ਵੱਲੋਂ ਪੇਸ਼ ਵਕੀਲ ਨੇ ਜਸਟਿਸ ਸੰਜੈ ਕੈਰਲ ਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਸਾਹਮਣੇ ਮਾਮਲਾ ਤੁਰੰਤ ਸੂਚੀਬੱਧ ਕਰਨ ਦੀ ਅਪੀਲ ਕੀਤੀ। ਵਕੀਲ ਨੇ ਕਿਹਾ, ”ਇਹ ਮਾਮਲਾ ਪਾਕਿਸਤਾਨੀ ਨਾਗਰਿਕ ਦਾ ਹੈ, ਜੋ 2016 ਤੋਂ ਲੰਮੀ ਮਿਆਦ ਦੇ ਵੀਜ਼ੇ ‘ਤੇ ਰਹਿ ਰਿਹਾ ਹੈ। ਪਹਿਲਗਾਮ ਹਮਲੇ ਮਗਰੋਂ ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ।” ਇਸ ‘ਤੇ ਬੈਂਚ ਨੇ ਕਿਹਾ, ”ਤੁਸੀਂ ਵਾਪਸ (ਪਾਕਿਸਤਾਨ) ਜਾਓ।” ਵਕੀਲ ਨੇ ਕਿਹਾ ਕਿ ਪਟੀਸ਼ਨਰ ਨੂੰ ਵਾਪਸ ਭੇਜਿਆ ਜਾਵੇਗਾ ਪਰ ਉਸ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ, ਕਿਉਂਕਿ ਲੰਮੇ ਸਮੇਂ ਦੇ ਵੀਜ਼ੇ ‘ਚ ਵਿਸ਼ੇਸ਼ ਸ਼ਰਤਾਂ ਸਨ। ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ ਬੈਂਚ ਨੇ ਕਿਹਾ ਕਿ ਮਾਮਲਾ ਸੁਣਵਾਈ ਲਈ ਸੂਚੀਬੱਧ ਕੀਤਾ ਜਾਵੇਗਾ।
ਪਾਕਿਸਤਾਨੀ ਨਾਗਰਿਕ ਵੱਲੋਂ ਵੀਜ਼ਾ ਰੱਦ ਕਰਨ ਨੂੰ ਸੁਪਰੀਮ ਕੋਰਟ ‘ਚ ਚੁਣੌਤੀ
