ਨਵੀਂ ਦਿੱਲੀ, 19 ਮਈ (ਪੰਜਾਬ ਮੇਲ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸੋਮਵਾਰ ਨੂੰ ਉਨ੍ਹਾਂ ਰਿਪੋਰਟਾਂ ਨੂੰ ”ਅਟਕਲਾਂ ਅਤੇ ਕਾਲਪਨਿਕ” ਕਰਾਰ ਦਿੱਤਾ, ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਸਨੇ ਪੁਰਸ਼ ਏਸ਼ੀਆ ਕੱਪ ਅਤੇ ਮਹਿਲਾ ਐਮਰਜਿੰਗ ਟੀਮ ਏਸ਼ੀਆ ਕੱਪ ਤੋਂ ਹਟਣ ਦਾ ਫੈਸਲਾ ਕੀਤਾ ਹੈ। ਸੂਤਰਾਂ ਦੇ ਹਵਾਲੇ ਨਾਲ ਇੱਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੀ.ਸੀ.ਸੀ.ਆਈ. ਭਾਰਤੀ ਟੀਮਾਂ ਨੂੰ ਦੋ ਏਸ਼ੀਅਨ ਕ੍ਰਿਕਟ ਕੌਂਸਲ (ਏ.ਸੀ.ਸੀ.) ਟੂਰਨਾਮੈਂਟਾਂ ਵਿਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦੇਵੇਗਾ, ਅਜਿਹੇ ਸਮੇਂ ਜਦੋਂ ਕ੍ਰਿਕਟ ਸੰਸਥਾ ਦੀ ਅਗਵਾਈ ਇੱਕ ਪਾਕਿਸਤਾਨੀ ਕਰ ਰਿਹਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਫੌਜੀ ਟਕਰਾਅ ਹੋਇਆ ਸੀ।
ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਵੀ ਹਨ ਅਤੇ ਏ.ਸੀ.ਸੀ. ਦੇ ਪ੍ਰਧਾਨ ਦਾ ਅਹੁਦਾ ਵੀ ਸੰਭਾਲਦੇ ਹਨ। ਮੌਜੂਦਾ ਚੈਂਪੀਅਨ ਭਾਰਤ ਸਤੰਬਰ ਵਿਚ ਟੀ-20 ਫਾਰਮੈਟ ਵਿਚ ਖੇਡੇ ਜਾਣ ਵਾਲੇ ਪੁਰਸ਼ ਏਸ਼ੀਆ ਕੱਪ ਦੀ ਮੇਜ਼ਬਾਨੀ ਕਰੇਗਾ, ਜਦੋਂ ਕਿ ਸ਼੍ਰੀਲੰਕਾ ਨੂੰ ਮਹਿਲਾ ਉਭਰਦੀ ਟੀਮ ਏਸ਼ੀਆ ਕੱਪ ਅਲਾਟ ਕੀਤਾ ਗਿਆ ਹੈ।
ਬੀ.ਸੀ.ਸੀ.ਆਈ. ਦੇ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ, ‘ਅੱਜ ਸਵੇਰ ਤੋਂ ਸਾਨੂੰ ਕੁਝ ਖ਼ਬਰਾਂ ਮਿਲੀਆਂ ਹਨ ਕਿ ਬੀ.ਸੀ.ਸੀ.ਆਈ. ਨੇ ਏਸ਼ੀਆ ਕੱਪ ਅਤੇ ਮਹਿਲਾ ਐਮਰਜਿੰਗ ਟੀਮ ਏਸ਼ੀਆ ਕੱਪ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ।’ ਇਹ ਦੋਵੇਂ ਏ.ਸੀ.ਸੀ. ਮੁਕਾਬਲੇ ਹਨ। ਅਜਿਹੀਆਂ ਰਿਪੋਰਟਾਂ ਵਿਚ ਕੋਈ ਸੱਚਾਈ ਨਹੀਂ ਹੈ ਕਿਉਂਕਿ ਹੁਣ ਤੱਕ ਬੀ.ਸੀ.ਸੀ.ਆਈ. ਨੇ ਆਉਣ ਵਾਲੇ ਏ.ਸੀ.ਸੀ. ਟੂਰਨਾਮੈਂਟਾਂ ਬਾਰੇ ਕੋਈ ਚਰਚਾ ਨਹੀਂ ਕੀਤੀ ਹੈ ਜਾਂ ਕੋਈ ਕਦਮ ਨਹੀਂ ਚੁੱਕਿਆ ਹੈ, ਏ.ਸੀ.ਸੀ. ਨੂੰ ਕੁਝ ਲਿਖਣਾ ਤਾਂ ਦੂਰ ਦੀ ਗੱਲ ਹੈ।
ਸੈਕੀਆ ਨੇ ਕਿਹਾ ਕਿ ਬੀ.ਸੀ.ਸੀ.ਆਈ. ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਅਤੇ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੈਸਟ ਲੜੀ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਕਿਹਾ, ‘ਇਸ ਵੇਲੇ ਸਾਡਾ ਧਿਆਨ ਮੌਜੂਦਾ ਆਈ.ਪੀ.ਐੱਲ. ਅਤੇ ਇਸ ਤੋਂ ਬਾਅਦ ਇੰਗਲੈਂਡ ਵਿਚ ਹੋਣ ਵਾਲੀ ਲੜੀ ‘ਤੇ ਹੈ, ਜਿਸ ਵਿਚ ਪੁਰਸ਼ ਅਤੇ ਮਹਿਲਾ ਦੋਵੇਂ ਲੜੀ ਸ਼ਾਮਲ ਹਨ।’
ਏਸ਼ੀਆ ਕੱਪ ਜਾਂ ਕਿਸੇ ਹੋਰ ਏ.ਸੀ.ਸੀ. ਮੁਕਾਬਲੇ ਨਾਲ ਸਬੰਧਤ ਮੁੱਦਾ ਕਿਸੇ ਵੀ ਪੱਧਰ ‘ਤੇ ਚਰਚਾ ਲਈ ਨਹੀਂ ਆਇਆ ਹੈ ਅਤੇ ਇਸ ਲਈ ਇਸ ਬਾਰੇ ਕੋਈ ਵੀ ਖ਼ਬਰ ਜਾਂ ਰਿਪੋਰਟ ਪੂਰੀ ਤਰ੍ਹਾਂ ਅਟਕਲਾਂ ਅਤੇ ਕਾਲਪਨਿਕ ਹੈ। ਸਾਕੀਆ ਨੇ ਕਿਹਾ, ‘ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਵੀ ਬੀ.ਸੀ.ਸੀ.ਆਈ. ਕਿਸੇ ਵੀ ਏ.ਸੀ.ਸੀ. ਮੁਕਾਬਲੇ ‘ਤੇ ਚਰਚਾ ਕਰੇਗਾ ਅਤੇ ਕੋਈ ਮਹੱਤਵਪੂਰਨ ਫੈਸਲਾ ਲਿਆ ਜਾਵੇਗਾ, ਤਾਂ ਇਸਦਾ ਐਲਾਨ ਮੀਡੀਆ ਰਾਹੀਂ ਕੀਤਾ ਜਾਵੇਗਾ।’
ਏਸ਼ੀਆ ਕੱਪ ਤੋਂ ਭਾਰਤ ਦੇ ਹੱਟਣ ਦੀਆਂ ਰਿਪੋਰਟਾਂ ਬੀ.ਸੀ.ਸੀ.ਆਈ. ਸਕੱਤਰ ਵੱਲੋਂ ਅਟਕਲਾਂ ਕਰਾਰ
