* ਉਪ ਰਾਸ਼ਟਰਪਤੀ ‘ਤੇ ਸਦਨ ਦੇ ਚੇਅਰਮੈਨ ਵਜੋਂ ਪੱਖਪਾਤੀ ਰਵੱਈਏ ਦੇ ਦੋਸ਼ ਲਾਏ
* ਮਤੇ ‘ਤੇ ਵਿਰੋਧੀ ਪਾਰਟੀਆਂ ਦੇ 60 ਸੰਸਦ ਮੈਂਬਰਾਂ ਨੇ ਦਸਤਖ਼ਤ ਕੀਤੇ
* ਵਿਰੋਧੀ ਧਿਰ ਨੇ ਮਤੇ ਨੂੰ ‘ਸੰਸਦੀ ਜਮਹੂਰੀਅਤ ਦੀ ਲੜਾਈ ਲਈ ਮਜ਼ਬੂਤ ਸੁਨੇਹਾ’ ਦੱਸਿਆ
ਨਵੀਂ ਦਿੱਲੀ, 11 ਦਸੰਬਰ (ਪੰਜਾਬ ਮੇਲ)- INDIA ਗੱਠਜੋੜ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ‘ਤੇ ਉਪਰਲੇ ਸਦਨ ਦੇ ਚੇਅਰਮੈਨ ਵਜੋਂ ‘ਪੱਖਪਾਤੀ’ ਵਤੀਰਾ ਅਪਣਾਉਣ ਦਾ ਦੋਸ਼ ਲਾਉਂਦਿਆਂ ਰਾਜ ਸਭਾ ਵਿਚ ਬੇਭਰੋਸਗੀ ਮਤਾ ਦਾਖ਼ਲ ਕਰਕੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਵਿਰੋਧੀ ਧਿਰਾਂ ਦੇ ਗੱਠਜੋੜ ਵੱਲੋਂ ਪੇਸ਼ ਮਤਾ ਜੇ ਅੱਗੇ ਸਦਨ ਵਿਚ ਰੱਖਿਆ ਜਾਂਦਾ ਹੈ, ਤਾਂ ਪਾਰਟੀਆਂ ਨੂੰ ਇਸ ਨੂੰ ਪਾਸ ਕਰਵਾਉਣ ਲਈ ਸਾਧਾਰਨ ਬਹੁਮਤ ਦੀ ਲੋੜ ਪਏਗੀ। ਹਾਲਾਂਕਿ 243 ਮੈਂਬਰੀ ਸਦਨ ਵਿਚ ਉਨ੍ਹਾਂ ਕੋਲ ਲੋੜੀਂਦੀ ਗਿਣਤੀ ਨਹੀਂ ਹੈ। ਉਂਝ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਜ਼ੋਰ ਦਿੱਤਾ ਕਿ ‘ਇਹ ਸੰਸਦੀ ਜਮਹੂਰੀਅਤ ਦੀ ਲੜਾਈ ਲਈ ਮਜ਼ਬੂਤ ਸੁਨੇਹਾ’ ਹੈ। ਵਿਰੋਧੀ ਧਿਰਾਂ ਵੱਲੋਂ ਕਾਂਗਰਸ ਆਗੂ ਜੈਰਾਮ ਰਮੇਸ਼ ਤੇ ਨਾਸਿਰ ਹੁਸੈਨ ਨੇ ਕਾਂਗਰਸ, ਆਰ.ਜੇ.ਡੀ., ਟੀ.ਐੱਮ.ਸੀ., ਸੀ.ਪੀ.ਆਈ., ਸੀ.ਪੀ.ਐੱਮ., ਜੇ.ਐੱਮ.ਐੱਮ., ‘ਆਪ’, ਡੀ.ਐੱਮ.ਕੇ., ਸਮਾਜਵਾਦੀ ਪਾਰਟੀ ਸਣੇ ਹੋਰਨਾਂ ਵਿਰੋਧੀ ਪਾਰਟੀਆਂ ਦੇ 60 ਸੰਸਦ ਮੈਂਬਰਾਂ ਦੇ ਦਸਤਖ਼ਤਾਂ ਵਾਲਾ ਨੋਟਿਸ ਰਾਜ ਸਭਾ ਦੇ ਜਨਰਲ ਸਕੱਤਰ ਪੀ.ਸੀ. ਮੋਦੀ ਨੂੰ ਸੌਂਪਿਆ। ਉਂਝ ਇਹ ਪਹਿਲੀ ਵਾਰ ਹੈ, ਜਦੋਂ Vise President ਨੂੰ ਹਟਾਉਣ ਲਈ ਰਾਜ ਸਭਾ ਵਿਚ ਮਤਾ ਲਿਆਉਣ ਲਈ ਨੋਟਿਸ ਦਿੱਤਾ ਗਿਆ ਹੈ। ਨੇਮਾਂ ਮੁਤਾਬਕ 14 ਦਿਨਾਂ ਦਾ ਨੋਟਿਸ ਦੇਣਾ ਹੁੰਦਾ ਹੈ ਤੇ ਇਸ ਨੂੰ ਸਦਨ ਵਿਚ ਰੱਖਣ ਤੋਂ ਪਹਿਲਾਂ ਡਿਪਟੀ ਚੇਅਰਮੈਨ ਦੀ ਪ੍ਰਵਾਨਗੀ ਲੋੜੀਂਦੀ ਹੁੰਦੀ ਹੈ।
ਸੂਤਰਾਂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, Congress ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਤੇ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਸਦਨ ਵਿਚਲੇ ਆਗੂਆਂ ਨੇ ਉਪਰੋਕਤ ਨੋਟਿਸ ‘ਤੇ ਸਹੀ ਨਹੀਂ ਪਾਈ। ਇਸ ਤੋਂ ਪਹਿਲਾਂ ਅਤੀਤ ਵਿਚ ਵੀ ਲੋਕ ਸਭਾ ਦੇ ਸਪੀਕਰ ਨੂੰ ਹਟਾਉਣ ਲਈ ਮਿਲਦੇ-ਜੁਲਦੇ ਨੋਟਿਸ ਦਿੱਤੇ ਗਏ ਹਨ ਪਰ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਖਿਲਾਫ਼ ਇਹ ਪਹਿਲਾ ਨੋਟਿਸ ਹੈ। ਬੀਤੇ ਵਿਚ ਲੋਕ ਸਭਾ ਦੇ ਸਪੀਕਰਾਂ- ਜੀਵੀ ਮਾਵਲੰਕਰ ਖ਼ਿਲਾਫ਼ 18 ਦਸੰਬਰ 1954, ਹੁਕਮ ਸਿੰਘ ਖਿਲਾਫ਼ 24 ਨਵੰਬਰ 1966 ਤੇ ਬਲਰਾਮ ਜਾਖੜ ਖਿਲਾਫ਼ 15 ਅਪ੍ਰੈਲ 1987 ਨੂੰ ਤਿੰਨ ਮਤੇ ਰੱਖੇ ਗਏ ਸਨ। ਮਾਵਲੰਕਰ ਤੇ ਜਾਖੜ ਖਿਲਾਫ਼ ਮਤਿਆਂ ਨੂੰ ਜਿੱਥੇ ਰੱਦ ਕਰ ਦਿੱਤਾ ਗਿਆ, ਉਥੇ ਹੁਕਮ ਸਿੰਘ ਖਿਲਾਫ਼ ਮਤੇ ਨੂੰ ਇਸ ਲਈ ਰੱਦ ਕਰਨਾ ਪਿਆ ਕਿਉਂਕਿ ਮਤੇ ਦੇ ਹੱਕ ਵਿਚ 50 ਤੋਂ ਘੱਟ ਮੈਂਬਰ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋਏ। ਧਨਖੜ ਖਿਲਾਫ਼ ਲਿਆਂਦਾ ਮੌਜੂਦਾ ਮਤਾ, ਜਿਸ ਦੀ ਕਾਂਗਰਸ ਵੱਲੋਂ ਮੂਹਰੇ ਹੋ ਕੇ ਅਗਵਾਈ ਕੀਤੀ ਜਾ ਰਹੀ ਹੈ, ਅਜਿਹੇ ਮੌਕੇ ਲਿਆਂਦਾ ਗਿਆ ਹੈ, ਜਦੋਂ ਸਰਦ ਰੁੱਤ ਇਜਲਾਸ ਦੌਰਾਨ ਰਾਜ ਸਭਾ ਚੇਅਰਮੈਨ ਤੇ ਵਿਰੋਧੀ ਪਾਰਟੀਆਂ ਦਰਮਿਆਨ ਜ਼ੁਬਾਨੀ ਕਲਾਮੀ ਤਲਖੀ ਨਿੱਤ ਦੇਖਣ ਨੂੰ ਮਿਲ ਰਹੀ ਹੈ। ਵਿਰੋਧੀ ਧਿਰ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਧਨਖੜ ਤੋਂ ਨਾਰਾਜ਼ ਹੈ।