#EUROPE

ਰੂਸੀ ਹਮਲੇ ਦੇ ਖ਼ਤਰੇ ਕਾਰਨ ਯੂਕਰੇਨ ਵਿਚਲਾ ਅਮਰੀਕੀ ਦੂਤਾਵਾਸ ਬੰਦ

ਕੀਵ, 21 ਨਵੰਬਰ (ਪੰਜਾਬ ਮੇਲ)- ਯੂਕਰੇਨ ਦੀ ਰਾਜਧਾਨੀ ਕੀਵ ਸਥਿਤ ਅਮਰੀਕੀ ਸਫ਼ਾਰਤਖ਼ਾਨੇ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੂੰ ਰੂਸ ਦੇ ਸੰਭਾਵਿਤ ਹਵਾਈ ਹਮਲੇ ਦੀ ‘ਅਹਿਮ’ ਚਿਤਾਵਨੀ ਮਿਲੀ ਹੈ ਅਤੇ ਇਸ ਕਾਰਨ ਅਹਿਤਿਆਤ ਵਜੋਂ ਸਫ਼ਾਰਤਖ਼ਾਨਾ ਬੰਦ ਕੀਤਾ ਜਾ ਰਿਹਾ ਹੈ। ਦੂਤਾਵਾਸ ਨੇ ਇਕ ਬਿਆਨ ਵਿਚ ਆਪਣੇ ਮੁਲਾਜ਼ਮਾਂ ਨੂੰ ਵੱਖ-ਵੱਖ ਥਾਈਂ ਸੁਰੱਖਿਅਤ ਪਨਾਹ ਲੈ ਲੈਣ ਲਈ ਵੀ ਕਿਹਾ ਹੈ। ਨਾਲ ਹੀ ਅਮਰੀਕੀ ਨਾਗਰਿਕਾਂ ਨੂੰ ਹਵਾਈ ਚਿਤਾਵਨੀ ਦੀ ਸਥਿਤੀ ਵਿਚ ਤੁਰੰਤ ਸੁਰੱਖਿਅਤ ਥਾਵਾਂ ਉਤੇ ਪੁੱਜਣ ਲਈ ਤਿਆਰ ਰਹਿਣ ਵਾਸਤੇ ਵੀ ਕਿਹਾ ਗਿਆ ਹੈ।
ਗ਼ੌਰਤਲਬ ਹੈ ਕਿ ਯੂਕਰੇਨ ‘ਚ ਰੂਸ ਦੇ ਹਮਲੇ ਆਮ ਗੱਲ ਹਨ, ਪਰ ਇਸ ਸਬੰਧੀ ਅਮਰੀਕੀ ਸਫ਼ਾਰਤਖ਼ਾਨੇ ਨੇ ਪ੍ਰਤੀਕਿਰਿਆ ਦਿੱਤੀ ਹੈ, ਉਹ ਇਸ ਨੂੰ ਗ਼ੈਰ-ਮਾਮੂਲੀ ਬਣਾਉਂਦੇ ਹਨ। ਇਹ ਵੀ ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਮਾਸਕੋ ਨੇ ਕਿਹਾ ਸੀ ਕਿ ਯੂਕਰੇਨ ਵੱਲੋਂ ਰੂਸ ਉਤੇ ਕੀਤੇ ਗਏ ਇਕ ਹਮਲੇ ਵਿਚ ਅਮਰੀਕਾ ਵਿਚ ਬਣੀਆਂ ਹੋਈਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਦੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਨੂੰ ਇਜਾਜ਼ਤ ਦਿੱਤੀ ਸੀ। ਇਸ ਇਜਾਜ਼ਤ ਤੋਂ ਬਾਅਦ ਯੂਕਰੇਨ ਵੱਲੋਂ ਇਨ੍ਹਾਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਰਾਹੀਂ ਰੂਸ ਦੇ ਬ੍ਰਾਇੰਸਕ ਖੇਤਰ ਵਿਚ ਇਕ ਅਸਲਾਖ਼ਾਨੇ ਨੂੰ ਨਿਸ਼ਾਨਾ ਬਣਾਇਆ ਗਿਆ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਬੀਤੇ ਸਤੰਬਰ ‘ਚ ਚਿਤਾਵਨੀ ਦਿੱਤੀ ਸੀ ਕਿ ਜੇ ਪੱਛਮੀ ਦੇਸ਼ ਯੂਕਰੇਨ ਨੂੰ ਆਪਣੇ ਲੰਬੀ ਦੂਰੀ ਵਾਲੇ ਹਥਿਆਰਾਂ ਨਾਲ ਰੂਸ ਦੇ ਧੁਰ ਅੰਦਰ ਤੱਕ ਹਮਲੇ ਕਰਨ ਦੀ ਖੁੱਲ੍ਹ ਦਿੰਦੇ ਹਨ, ਤਾਂ ”ਇਸਦਾ ਮਤਲਬ ਹੋਵੇਗਾ ਕਿ ਨਾਟੋ ਦੇਸ਼, ਅਮਰੀਕਾ, ਯੂਰਪੀ ਮੁਲਕ ਰੂਸ ਨਾਲ ਜੰਗ ਲੜ ਰਹੇ ਹਨ।”
ਪੂਤਿਨ ਨੇ ਕਿਹਾ ਸੀ, ”ਅਤੇ ਜੇ ਅਜਿਹਾ ਹੁੰਦਾ ਹੈ, ਤਾਂ, ਟਕਰਾਅ ਦੇ ਤੱਤ ਦੇ ਬਦਲਾਅ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਆਪਣੇ ਲਈ ਖਤਰੇ ਦੇ ਆਧਾਰ ‘ਤੇ ਢੁਕਵੇਂ ਫੈਸਲੇ ਲਵਾਂਗੇ।” ਇਹ ਦੀ ਗ਼ੌਰਲਤਬ ਹੈ ਕਿ ਰੂਸ ਨੇ ਹਾਲ ਹੀ ਵਿਚ ਹਵਾਈ ਹਮਲੇ ਵਧਾ ਦਿੱਤੇ ਹਨ। ਉਸ ਨੇ ਇਸ ਹਫ਼ਤੇ ਯੂਕਰੇਨ ਵਿਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਲਈ ਡਰੋਨਾਂ ਆਦਿ ਦੀ ਮਦਦ ਨਾਲ ਕਈ ਜ਼ੋਰਦਾਰ ਹਮਲੇ ਕੀਤੇ ਹਨ, ਕਿਉਂਕਿ ਸਰਦੀਆਂ ਵਧਣ ਕਾਰਨ ਖ਼ਿੱਤੇ ਵਿਚ ਤਾਪਮਾਨ ਘਟਣਾ ਸ਼ੁਰੂ ਹੋ ਗਿਆ ਹੈ।