#CANADA

ਕੈਨੇਡਾ ਦੇ ਨਵੇਂ ਹੁਕਮਾਂ ਕਾਰਨ ਭਾਰਤੀ ਯਾਤਰੀਆਂ ਦੀਆਂ ਵਧੀਆਂ ਮੁਸ਼ਕਿਲਾਂ

ਟੋਰਾਂਟੋ, 20 ਨਵੰਬਰ (ਪੰਜਾਬ ਮੇਲ)-ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ‘ਚ ਚੱਲ ਰਹੀ ਖਟਾਸ ਵਿਚਕਾਰ ਕੈਨੇਡਾ ਸਰਕਾਰ ਨੇ ਇਕ ਹੋਰ ਨਵਾਂ ਹੁਕਮ ਜਾਰੀ ਕੀਤਾ ਹੈ, ਜਿਸ ਕਾਰਨ ਕੈਨੇਡਾ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਦਰਅਸਲ ਕੈਨੇਡਾ ਸਰਕਾਰ ਨੇ ਕੈਨੇਡਾ ਤੋਂ ਭਾਰਤ ਆਉਣ ਵਾਲੇ ਲੋਕਾਂ ਲਈ ਵਾਧੂ ਸੁਰੱਖਿਆ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਕੈਨੇਡਾ ਦੀ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲੋਕਾਂ ਨੂੰ ਸਮੇਂ ਤੋਂ ਪਹਿਲਾਂ ਏਅਰਪੋਰਟ ਪਹੁੰਚਣ ਦੀ ਅਪੀਲ ਕੀਤੀ। ਕੈਨੇਡਾ ਸਰਕਾਰ ਨੇ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਚਾਰ ਘੰਟੇ ਪਹਿਲਾਂ ਏਅਰਪੋਰਟ ‘ਤੇ ਪਹੁੰਚਣ ਦੀ ਸਲਾਹ ਦਿੱਤੀ ਹੈ।
ਕੈਨੇਡਾ ਦੇ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਟਰਾਂਸਪੋਰਟ ਕੈਨੇਡਾ ਨੇ ਕੁਝ ਅਸਥਾਈ ਸੁਰੱਖਿਆ ਨਿਰੀਖਣ ਨਿਯਮ ਲਾਗੂ ਕੀਤੇ ਹਨ। ਇਸ ਕਾਰਨ ਯਾਤਰੀਆਂ ਨੂੰ ਕੁਝ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਨਿਯਮ ਕੈਨੇਡਾ ਏਅਰ ਟਰਾਂਸਪੋਰਟ ਸੁਰੱਖਿਆ ਅਥਾਰਟੀ ਦੁਆਰਾ ਲਾਗੂ ਕੀਤੇ ਜਾਂਦੇ ਹਨ। ਇਹ ਏਜੰਸੀ ਹਵਾਈ ਯਾਤਰਾ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਜਾਂਚ ਅਤੇ ਉਨ੍ਹਾਂ ਦੇ ਸਮਾਨ ਦੀ ਜਾਂਚ ਲਈ ਜ਼ਿੰਮੇਵਾਰ ਹੈ। ਇਸ ਹੁਕਮ ਤਹਿਤ ਕੈਨੇਡਾ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਵਾਧੂ ਸੁਰੱਖਿਆ ਜਾਂਚਾਂ ਦਾ ਸਾਹਮਣਾ ਕਰਨਾ ਪਵੇਗਾ। ਦਰਅਸਲ ਰਾਇਲ ਕੈਨੇਡੀਅਨ ਪੁਲਿਸ ਨੇ ਹਾਲ ਹੀ ਵਿਚ ਦੋਸ਼ ਲਗਾਇਆ ਸੀ ਕਿ ਭਾਰਤੀ ਏਜੰਟ ਕੈਨੇਡਾ ਵਿਚ ਸੰਗਠਿਤ ਅਪਰਾਧ, ਜਬਰਨ ਵਸੂਲੀ ਆਦਿ ਵਰਗੇ ਅਪਰਾਧਾਂ ਵਿਚ ਸ਼ਾਮਲ ਹਨ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਦਾ ਨਵਾਂ ਹੁਕਮ ਵੀ ਇਨ੍ਹਾਂ ਦੋਸ਼ਾਂ ਤੋਂ ਪ੍ਰਭਾਵਿਤ ਹੈ।