ਵਾਸ਼ਿੰਗਟਨ, 13 ਨਵੰਬਰ (ਪੰਜਾਬ ਮੇਲ)- ਡੋਨਾਲਡ ਟਰੰਪ ਦੇ ਚੋਟੀ ਦੇ ਭਾਰਤੀ-ਅਮਰੀਕੀ ਸਹਿਯੋਗੀ ਵਿਵੇਕ ਰਾਮਾਸਵਾਮੀ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦੀ ਯੋਜਨਾ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਦੇਸ਼ ਦੀ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ”ਟੁੱਟ ਗਈ” ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਦਾਖ਼ਲ ਹੋਣ ਸਮੇਂ ਕਾਨੂੰਨ ਤੋੜਨ ਵਾਲੇ ਲੋਕਾਂ ਨੂੰ ਇੱਥੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਜਾਣਾ ਪਵੇਗਾ। ਉੱਦਮੀ ਤੋਂ ਸਿਆਸਤਦਾਨ ਬਣੇ ਰਾਮਾਸਵਾਮੀ ਨੇ ਏ.ਬੀ.ਸੀ. ਨਿਊਜ਼ ਨਾਲ ਇੱਕ ਇੰਟਰਵਿਊ ਵਿਚ ਕਿਹਾ, ”ਕੀ ਸਾਡੇ ਕੋਲ ਇੱਕ ਟੁੱਟੀ ਹੋਈ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਹੈ। ਉਨ੍ਹਾਂ ਕਿਹਾ ਮੈਨੂੰ ਲੱਗਦਾ ਹੈ ਕਿ ਪਹਿਲਾ ਕਦਮ ਅਮਨ-ਕਾਨੂੰਨ ਦੀ ਬਹਾਲੀ ਲਈ ਹੋਵੇਗਾ, ਇਸ ਨੂੰ ਬਹੁਤ ਹੀ ਵਿਵਹਾਰਕ ਢੰਗ ਨਾਲ ਕਰਨਾ ਹੋਵੇਗਾ।”
ਉਨ੍ਹਾਂ ਕਿਹਾ, ”ਪਿਛਲੇ ਕੁਝ ਸਾਲਾਂ ‘ਚ ਆਏ ਲੋਕਾਂ ਨੇ ਦੇਸ਼ ‘ਚ ਜੜ੍ਹਾਂ ਨਹੀਂ ਜਮਾਈਆਂ ਹਨ। ਜਿਨ੍ਹਾਂ ਨੇ ਅਪਰਾਧ ਕੀਤੇ ਹਨ, ਉਨ੍ਹਾਂ ਨੂੰ ਇਸ ਦੇਸ਼ ਤੋਂ ਬਾਹਰ ਜਾਣਾ ਚਾਹੀਦਾ ਹੈ। ਇਹ ਆਪਣੇ ਆਪ ਵਿਚ ਸਭ ਤੋਂ ਵੱਡੀ ਜਨਤਕ ਹਵਾਲਗੀ ਹੋਵੇਗੀ। ਇਸ ਦੇ ਨਾਲ ਹੀ ਸਾਰੇ ਗੈਰ-ਕਾਨੂੰਨੀ ਸ਼ਰਨਾਰਥੀਆਂ ਲਈ ਸਰਕਾਰੀ ਸਹਾਇਤਾ ਬੰਦ ਕਰ ਦਿੱਤੀ ਜਾਵੇਗੀ।” ਵਿਵੇਕ ਰਾਮਾਸਵਾਮੀ ਨੇ ਕਿਹਾ, ”ਤੁਸੀਂ ਦੇਖੋਗੇ ਕਿ ਰਾਸ਼ਟਰਪਤੀ ਚੋਣਾਂ ‘ਚ ਟਰੰਪ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕਾਨੂੰਨ ਤੋੜਨ ਵਾਲੇ ਲੋਕ ਖੁਦ ਦੇਸ਼ ਛੱਡ ਕੇ ਚਲੇ ਜਾਣਗੇ।”
ਉਨ੍ਹਾਂ ਦੱਸਿਆ ਕਿ ਉਹ ਪ੍ਰਸ਼ਾਸਨ ਵਿਚ ਆਪਣੀ ਭਵਿੱਖੀ ਭੂਮਿਕਾ ਨੂੰ ਲੈ ਕੇ ਉੱਚ ਪੱਧਰ ‘ਤੇ ਗੱਲਬਾਤ ਕਰ ਰਹੇ ਹਨ। ਰਿਪਬਲਿਕਨ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ ‘ਚ ਟਰੰਪ ਦੇ ਵਿਰੋਧੀ ਰਹੇ ਰਾਮਾਸਵਾਮੀ ਹੁਣ ਉਨ੍ਹਾਂ ਦੇ ਕੱਟੜ ਸਮਰਥਕ ਅਤੇ ਵਿਸ਼ਵਾਸਪਾਤਰ ਦੇ ਰੂਪ ‘ਚ ਸਾਹਮਣੇ ਆਏ ਹਨ। ਰਾਮਾਸਵਾਮੀ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਟਰੰਪ ਦੇਸ਼ ਨੂੰ ਇਕਜੁੱਟ ਕਰਨ ਬਾਰੇ ਸੋਚਦੇ ਹਨ। ਮੈਨੂੰ ਲੱਗਦਾ ਹੈ ਕਿ ਇਹ ਡੋਨਾਲਡ ਟਰੰਪ ਦਾ ਮੁੱਖ ਉਦੇਸ਼ ਹੈ। ਉਸ ਨੇ ਪਹਿਲੇ ਕਾਰਜਕਾਲ ਤੋਂ ਵੀ ਬਹੁਤ ਕੁਝ ਸਿੱਖਿਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਹ ਦੂਜੇ ਕਾਰਜਕਾਲ ਵਿਚ ਕੁਝ ਅਜਿਹੀਆਂ ਗੱਲਾਂ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਣ ਜਾ ਰਿਹਾ ਹੈ, ਜੋ ਉਹ ਪਹਿਲੇ ਕਾਰਜਕਾਲ ਵਿਚ ਹਾਸਲ ਨਹੀਂ ਕਰ ਸਕਿਆ, ਜੋ ਕਿ ਮੇਰੇ ਖਿਆਲ ਵਿਚ ਇੱਕ ਚੰਗੀ ਗੱਲ ਹੋਵੇਗੀ।”