#PUNJAB

ਗੁਰਦੁਆਰਾ ਕਰਤਾਰਪੁਰ ਲਾਂਘੇ ਲਈ ਪਹਿਲਾਂ ਵਾਂਗ ਜਾਰੀ ਰਹੇਗੀ 20 ਡਾਲਰ ਦੀ ਫੀਸ

-24 ਅਕਤੂਬਰ ਨੂੰ ਮੁੜ ਦੋਵਾਂ ਦੇਸ਼ਾਂ ‘ਚ ਨਵਿਆਇਆ ਗਿਆ ਸਮਝੌਤਾ
ਅੰਮ੍ਰਿਤਸਰ, 4 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਲਈ ਪਾਕਿਸਤਾਨ ਵੱਲੋਂ ਲਾਈ ਗਈ 20 ਅਮਰੀਕੀ ਡਾਲਰ ਦੀ ਫੀਸ ਭਾਰਤੀ ਯਾਤਰੀਆਂ ਲਈ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਇਹ ਖੁਲਾਸਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਲਹਿੰਦੇ ਪੰਜਾਬ ਦੇ ਘੱਟ ਗਿਣਤੀਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ। ਉਨ੍ਹਾਂ ਇਸ ਸਬੰਧ ਵਿਚ ਵੀਡੀਓ ਸੁਨੇਹਾ ਜਾਰੀ ਕੀਤਾ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਵੀਡੀਓ ਸੁਨੇਹੇ ਵਿਚ ਸ਼੍ਰੀ ਅਰੋੜਾ ਦੱਸ ਰਹੇ ਹਨ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਮੀਡੀਆ, ਭਾਰਤੀ ਸੰਗਤ ਤੇ ਹੋਰ ਦੇਸ਼ਾਂ ਤੋਂ ਸਿੱਖ ਸੰਗਤਾਂ ਦੇ ਫੋਨ ਆ ਰਹੇ ਹਨ। ਸਾਰਿਆਂ ਵੱਲੋਂ ਗੁਰਦੁਆਰਾ ਕਰਤਾਰਪੁਰ ਲਾਂਘੇ ਦੀ 20 ਅਮਰੀਕੀ ਡਾਲਰ ਦੀ ਫੀਸ ਵਿਚ ਛੋਟ ਦੇਣ ਬਾਰੇ ਪੁੱਛਿਆ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਫੀਸ ਪਹਿਲਾਂ ਵਾਂਗ ਹੀ ਜਾਰੀ ਹੈ ਅਤੇ ਇਸ ਵਿੱਚ ਕਈ ਛੋਟ ਨਹੀਂ ਦਿੱਤੀ ਗਈ।
ਇਸ ਸਬੰਧੀ ਖੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੱਲੋਂ ਕੁਝ ਦਿਨ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਅਮਰੀਕਾ ਵਿਚ ਰਹਿੰਦੇ ਸਿੱਖ ਜਿਨ੍ਹਾਂ ਦਾ ਜਨਮ ਸਥਾਨ ਭਾਵੇਂ ਭਾਰਤ ਹੈ ਪਰ ਪਾਸਪੋਰਟ ਅਮਰੀਕਾ ਦਾ ਹੈ, ਨੂੰ ਪਾਕਿਸਤਾਨ ਵਿਚ ਆਮਦ ਸਮੇਂ ‘ਆਨ ਅਰਾਈਵਲ ਵੀਜ਼ਾ’ ਮਿਲੇਗਾ। ਸ਼੍ਰੀ ਅਰੋੜਾ ਨੇ ਦੱਸਿਆ ਕਿ ਇਸ ਐਲਾਨ ਮਗਰੋਂ ਚਰਚਾ ਸ਼ੁਰੂ ਹੋ ਗਈ ਸੀ ਕਿ ਗੁਰਦੁਆਰਾ ਕਰਤਾਰਪੁਰ ਲਾਂਘਾ ਲਈ ਲਾਈ ਗਈ 20 ਡਾਲਰ ਦੀ ਫੀਸ ਬੰਦ ਕਰ ਦਿੱਤੀ ਗਈ ਹੈ, ਜਦੋਂਕਿ ਅਜਿਹਾ ਕੁਝ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਅਮਰੀਕਾ ਅਤੇ ਕੈਨੇਡਾ ਵਿਚ ਵਸਦੇ ਸਿੱਖ ਜਿਨ੍ਹਾਂ ਕੋਲ ਉਥੋਂ ਦੇ ਮੁਲਕਾਂ ਦਾ ਪਾਸਪੋਰਟ ਹੈ, ਨੂੰ ਪਾਕਿਸਤਾਨ ਵਿਚ ਆਮਦ ਸਮੇਂ ਮੌਕੇ ‘ਤੇ ਵੀਜ਼ਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੁਰਦੁਆਰਾ ਕਰਤਾਰਪੁਰ ਲਾਂਘੇ ਨੂੰ ਲੈ ਕੇ 24 ਅਕਤੂਬਰ ਨੂੰ ਸਮਝੌਤਾ ਨਵਿਆਇਆ ਗਿਆ ਹੈ ਅਤੇ ਇਸ ਵਿਚ ਪਹਿਲਾਂ ਵਾਲੀਆਂ ਸ਼ਰਤਾਂ ਨੂੰ ਹੀ ਬਰਕਰਾਰ ਰੱਖਿਆ ਗਿਆ ਹੈ।
ਇੱਕ ਵੱਖਰੀ ਵੀਡੀਓ ਰਾਹੀਂ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਗੁੱਜਰਾਂਵਾਲਾ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਨਾਲ ਸਬੰਧਤ ਹਵੇਲੀ ਦੀ ਸਾਂਭ ਸੰਭਾਲ ਦਾ ਕੰਮ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਹ ਕੰਮ ਸਾਲ ਵਿਚ ਮੁਕੰਮਲ ਹੋ ਜਾਵੇਗਾ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਇਸ ਨੂੰ ਖੋਲ੍ਹਿਆ ਜਾਵੇਗਾ।