-ਆਰ.ਬੀ.ਆਈ. ਸ਼ਾਖਾ ‘ਚ ਹੀ ਬਦਲੇ ਜਾ ਸਕਦੇ ਨੇ ਨੋਟ
ਨਵੀਂ ਦਿੱਲੀ, 4 ਸਤੰਬਰ (ਪੰਜਾਬ ਮੇਲ)- ਜੇਕਰ ਤੁਹਾਡੇ ਕੋਲ ਅਜੇ ਵੀ ਦੋ ਹਜ਼ਾਰ ਰੁਪਏ ਦੇ ਨੋਟ ਹਨ ਤਾਂ ਵੀ ਤੁਸੀਂ ਉਨ੍ਹਾਂ ਨੂੰ ਬਦਲ ਸਕਦੇ ਹੋ। ਪਰ ਇਸਦੇ ਲਈ ਤੁਹਾਨੂੰ ਆਰ.ਬੀ.ਆਈ. ਸ਼ਾਖਾ ਵਿਚ ਜਾਣਾ ਹੋਵੇਗਾ। ਦੇਸ਼ ਵਿਚ ਸਿਰਫ਼ 19 ਸ਼ਾਖਾਵਾਂ ਹਨ। ਆਰ.ਬੀ.ਆਈ. ਦੀਆਂ ਇਹ ਸ਼ਾਖਾਵਾਂ ਅਹਿਮਦਾਬਾਦ, ਬੇਂਗਲੁਰੂ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ ਅਤੇ ਤਿਰੂਵਨੰਤਪੁਰਮ ਵਿਚ ਸਥਿਤ ਹਨ। ਇੰਨਾ ਹੀ ਨਹੀਂ, ਤੁਸੀਂ ਆਪਣੇ ਨੇੜੇ ਦੇ ਕਿਸੇ ਵੀ ਡਾਕਘਰ ਵਿਚ ਇੰਡੀਆ ਪੋਸਟ ਰਾਹੀਂ ਆਪਣੇ ਨੋਟ ਜਮ੍ਹਾ ਵੀ ਕਰਵਾ ਸਕਦੇ ਹੋ।
ਪਿਛਲੇ ਸਾਲ ਮਈ ‘ਚ 2000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ, ਫਿਰ ਵੀ ਕਈ ਲੋਕਾਂ ਕੋਲ 2000 ਰੁਪਏ ਦੇ ਨੋਟ ਹਨ। ਆਰ.ਬੀ.ਆਈ. ਨੇ ਕਦੇ ਵੀ 2000 ਰੁਪਏ ਦੇ ਨੋਟਾਂ ਨੂੰ ਗੈਰ-ਕਾਨੂੰਨੀ ਘੋਸ਼ਿਤ ਨਹੀਂ ਕੀਤਾ, ਇਸ ਲਈ ਜ਼ਿਆਦਾਤਰ ਲੋਕ ਉਲਝਣ ਵਿਚ ਹਨ ਕਿ ਕੀ 2000 ਰੁਪਏ ਦੇ ਨੋਟ ਅਜੇ ਵੀ ਚਲਨ ਵਿਚ ਹਨ ਜਾਂ ਨਹੀਂ।
ਤੁਹਾਨੂੰ ਦੱਸ ਦੇਈਏ ਕਿ ਕਲੀਨ ਨੋਟ ਪਾਲਿਸੀ ਦੇ ਤਹਿਤ, ਰਿਜ਼ਰਵ ਬੈਂਕ ਨੇ 19 ਮਈ 2023 ਨੂੰ ਦੇਸ਼ ਵਿਚ ਪ੍ਰਚਲਿਤ 2000 ਰੁਪਏ ਦੇ ਸਭ ਤੋਂ ਵੱਧ ਮੁੱਲ ਦੇ ਨੋਟ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਕੇਂਦਰੀ ਬੈਂਕ ਨੇ ਇਨ੍ਹਾਂ ਨੋਟਾਂ ਨੂੰ ਸਾਰੇ ਸਥਾਨਕ ਬੈਂਕਾਂ ਤੋਂ ਇਲਾਵਾ ਆਰ.ਬੀ.ਆਈ. ਦੇ 19 ਖੇਤਰੀ ਦਫ਼ਤਰਾਂ ਵਿਚ ਜਮ੍ਹਾ ਕਰਨ ਲਈ ਕਿਹਾ ਸੀ। ਜਿਸ ਦੀ ਅੰਤਿਮ ਮਿਤੀ 23 ਮਈ ਤੋਂ 30 ਸਤੰਬਰ 2023 ਰੱਖੀ ਗਈ ਹੈ। ਪਰ ਇਸ ਤੋਂ ਬਾਅਦ ਵੀ ਆਰ.ਬੀ.ਆਈ. ਨੇ ਕਈ ਵਾਰ ਸਮਾਂ ਸੀਮਾ ਵਧਾ ਦਿੱਤੀ।
ਪਿਛਲੇ ਸਾਲ ਦੇਸ਼ ਭਰ ਦੇ ਬੈਂਕਾਂ ਵਿਚ 2000 ਰੁਪਏ ਦੇ ਨੋਟ ਜਮ੍ਹਾਂ ਕਰਾਉਣ ਦੇ ਆਦੇਸ਼ ਦਿੱਤੇ ਗਏ ਸਨ। ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ 7,000 ਕਰੋੜ ਰੁਪਏ ਤੋਂ ਵੱਧ ਮੁੱਲ ਦੇ 2,000 ਰੁਪਏ ਦੇ ਨੋਟ ਅਜੇ ਵੀ ਬਾਜ਼ਾਰ ਵਿਚ ਉਪਲਬਧ ਹਨ। ਇਸ ਦੌਰਾਨ, ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ 2000 ਰੁਪਏ ਦੇ ਨੋਟਾਂ ਨੂੰ ਲੈ ਕੇ ਇੱਕ ਵੱਡਾ ਅਪਡੇਟ ਜਾਰੀ ਕੀਤਾ ਹੈ। ਆਰ.ਬੀ.ਆਈ. ਦੇ ਮੁਤਾਬਕ, 2000 ਰੁਪਏ ਦੇ ਨੋਟਾਂ ਵਿਚੋਂ 97 ਫੀਸਦੀ ਹੁਣ ਤੱਕ ਵਾਪਸ ਆ ਚੁੱਕੇ ਹਨ। ਪਰ ਕਰੀਬ ਤਿੰਨ ਫੀਸਦੀ ਨੋਟ ਅਜੇ ਵੀ ਲੋਕਾਂ ਕੋਲ ਮੌਜੂਦ ਹਨ।