#PUNJAB

ਡੇਰਾ ਬਿਆਸ ਮੁਖੀ ਸ. ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਬਣਾਇਆ ਡੇਰਾ ਬਿਆਸ ਦਾ ਉਤਰਾਧਿਕਾਰੀ

-90 ਤੋਂ ਵਧੇਰੇ ਦੇਸ਼ਾਂ ਵਿੱਚ ਹਨ ਡੇਰੇ
ਬਿਆਸ, 2 ਸਤੰਬਰ (ਦਲਜੀਤ ਕੌਰ/ਪੰਜਾਬ ਮੇਲ)- ਬਿਆਸ ਸਥਿਤ ਡੇਰਾ ਰਾਧਾ ਸੁਆਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉਤਰਾਧਿਕਾਰੀ ਥਾਪ ਦਿੱਤਾ ਹੈ। ਸ. ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ ਹੈ। ਦੱਸਣਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋ ਗਿਆ ਸੀ, ਜਿਨ੍ਹਾਂ ਦਾ ਲੰਮਾ ਇਲਾਜ ਚੱਲਿਆ। ਗੁਰਿੰਦਰ ਢਿੱਲੋਂ ਦਿਲ ਦੀ ਬਿਮਾਰੀ ਤੋਂ ਪੀੜਤ ਦੱਸੇ ਜਾ ਰਹੇ ਹਨ।
ਇਸ ਸਬੰਧੀ ਸਮੂਹ ਸੇਵਾ ਇੰਚਾਰਜਾਂ ਨੂੰ ਭੇਜੇ ਪੱਤਰ ਵਿਚ ਕਿਹਾ ਗਿਆ ਹੈ ਕਿ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸਰਪ੍ਰਸਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਪੁੱਤਰ ਸ. ਸੁਖਦੇਵ ਸਿੰਘ ਗਿੱਲ ਨੂੰ ਡੇਰਾ ਮੁਖੀ ਨਿਯੁਕਤ ਕੀਤਾ ਹੈ। ਉਨ੍ਹਾਂ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਨਾਲ ਸਰਪ੍ਰਸਤ ਵਜੋਂ ਉਨ੍ਹਾਂ ਦੀ ਥਾਂ ਲਈ। ਜਸਦੀਪ ਸਿੰਘ ਗਿੱਲ ਰਾਧਾ ਸੁਆਮੀ ਸਤਿਸੰਗ ਬਿਆਸ ਸੁਸਾਇਟੀ ਦੇ ਸੰਤ ਸਤਿਗੁਰੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਲੈਣਗੇ ਅਤੇ ਉਨ੍ਹਾਂ ਨੂੰ ਨਾਮਦਾਨ ਦੇਣ ਦਾ ਅਧਿਕਾਰ ਹੋਵੇਗਾ।

Oplus_131072

ਡੇਰਾ ਬਿਆਸ ਵੱਲੋਂ ਜਾਰੀ ਪੱਤਰ ਰਾਹੀਂ ਬਾਬਾ ਗੁਰਿੰਦਰ ਢਿੱਲੋਂ ਨੇ ਕਿਹਾ ਕਿ ਜਿਸ ਤਰ੍ਹਾਂ ਹਜ਼ੂਰ ਮਹਾਰਾਜ ਜੀ ਤੋਂ ਬਾਅਦ ਉਨ੍ਹਾਂ ਨੂੰ ਸੰਗਤਾਂ ਦਾ ਭਰਪੂਰ ਸਹਿਯੋਗ ਤੇ ਪਿਆਰ ਮਿਲਿਆ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਇਹ ਵੀ ਕਾਮਨਾ ਅਤੇ ਬੇਨਤੀ ਕੀਤੀ ਹੈ ਕਿ ਜਸਦੀਪ ਸਿੰਘ ਗਿੱਲ ਨੂੰ ਵੀ ਸੰਤ ਸਤਿਗੁਰੂ ਵਜੋਂ ਸੇਵਾ ਕਰਨ ਵਿਚ ਇਹੋ ਜਿਹਾ ਹੀ ਪਿਆਰ ਅਤੇ ਸਨੇਹ ਬਖ਼ਸ਼ਿਆ ਜਾਵੇ।
ਰਾਧਾ ਸੁਆਮੀ ਸਤਿਸੰਗ ਬਿਆਸ ਡੇਰੇ ਦੀ ਸਥਾਪਨਾ 1891 ਵਿਚ ਹੋਈ ਸੀ। ਇਸ ਦਾ ਮਕਸਦ ਲੋਕਾਂ ਨੂੰ ਧਾਰਮਿਕ ਸੰਦੇਸ਼ ਦੇਣਾ ਹੈ। ਇਹ ਧਾਰਮਿਕ ਸੰਸਥਾ ਦੁਨੀਆਂ ਦੇ 90 ਦੇਸ਼ਾਂ ਤੋਂ ਵਧੇਰੇ ਵਿਚ ਫੈਲੀ ਹੋਈ ਹੈ, ਜਿਸ ਵਿਚ ਅਮਰੀਕਾ, ਸਪੇਨ, ਨਿਊਜ਼ੀਲੈਂਡ, ਆਸਟ੍ਰੇਲੀਆ, ਜਾਪਾਨ, ਅਫਰੀਕਾ ਅਤੇ ਹੋਰ ਕਈ ਦੇਸ਼ ਸ਼ਾਮਲ ਹਨ।