-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਹੋਏ ਭਾਵੁਕ
ਵਾਸ਼ਿੰਗਟਨ, 21 ਅਗਸਤ (ਰਾਜ ਗੋਗਨਾ/ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸ਼ਿਕਾਗੋ ਵਿਖੇ ਡੈਮੋਕ੍ਰੇਟਿਕ ਕਨਵੈਨਸ਼ਨ ਪਾਰਟੀ ਸੰਮੇਲਨ ‘ਚ ਭਾਵੁਕ ਹੋ ਗਏ ਅਤੇ ਭਰੇ ਮਨ ਨਾਲ ਹੰਝੂ ਵਹਾਏ। ਸ਼ਿਕਾਗੋ ‘ਚ ਆਯੋਜਿਤ ਡੈਮੋਕ੍ਰੇਟਿਕ ਸੰਮੇਲਨ ‘ਚ ਜੋਅ ਬਾਇਡਨ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਏ। ਇਸ ਮੌਕੇ ਜਦੋਂ ਉਹ ਸਟੇਜ ‘ਤੇ ਆਏ, ਤਾਂ ਉਨ੍ਹਾਂ ਦੀ ਬੇਟੀ ਐਸ਼ਲੇ ਬਾਇਡਨ ਨੇ ਬਾਇਡਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਔਰਤਾਂ ਦੀ ਕਦਰ ਕਰਦੇ ਹਨ ਅਤੇ ਉਨ੍ਹਾਂ ‘ਤੇ ਭਰੋਸਾ ਕਰਦੇ ਹਨ। ਬਾਇਡਨ ਅਚਾਨਕ ਆਪਣੀ ਧੀ ਦੇ ਸ਼ਬਦਾਂ ਤੋਂ ਪ੍ਰਭਾਵਿਤ ਹੋ ਗਏ ਅਤੇ ਹੰਝੂਆਂ ਦੀ ਝੜੀ ਲਾ ਦਿੱਤੀ ਅਤੇ ਉਹ ਝੱਟ ਹੀ ਇਕ ਪਾਸੇ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਨੂੰ ‘ਆਈ ਲਵ ਯੂ’ ਕਹਿ ਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਪਣਾ ਭਾਸ਼ਣ ਸ਼ੁਰੂ ਕੀਤਾ।
ਆਪਣੇ ਸੰਬੋਧਨ ‘ਚ ਬਾਇਡਨ ਨੇ ਕਿਹਾ ਕਿ ਅਮਰੀਕੀ ਰਾਜਨੀਤੀ ਵਿਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਰੱਖਿਆ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਇਸ ਆਦੇਸ਼ ਵਿਚ ਬਾਇਡਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤ ਪੱਧਰ ‘ਤੇ ਆਲੋਚਨਾ ਕੀਤੀ ਅਤੇ ਕਿਹਾ ਕਿ ਅਮਰੀਕਾ ਦਾ ਸਨਮਾਨ ਬਹੁਤ ਮਹੱਤਵਪੂਰਨ ਹੈ। ਇਸ ਦੇਸ਼ ਵਿਚ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਟਰੰਪ ਪ੍ਰਸ਼ਾਸਨ ਦੇ ਅਧੀਨ ਇੱਥੇ ਕੋਈ ਵੀ ਵਿਕਾਸ ਨਹੀਂ ਹੋਇਆ ਹੈ। ਜੇਕਰ ਸਾਡੇ ਕੋਲ ਵਧੀਆ ਬੁਨਿਆਦੀ ਢਾਂਚਾ ਨਹੀਂ ਹੈ, ਤਾਂ ਅਸੀਂ ਵਧੀਆ ਅਰਥਵਿਵਸਥਾ ਕਿਵੇਂ ਹੋ ਸਕਦੇ ਹਾਂ? ਟਰੰਪ ਆਪਣੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਹਰ ਹਫ਼ਤੇ ਬੁਨਿਆਦੀ ਢਾਂਚੇ ਨੂੰ ਲੈ ਕੇ ਵਾਅਦੇ ਕਰਦੇ ਰਹੇ ਹਨ। ਪਰ ਇੱਕ ਵੀ ਕੰਮ ਪੂਰਾ ਨਹੀਂ ਹੋਇਆ। ਸਾਡੀ ਸਰਕਾਰ ਦੌਰਾਨ ਅਸੀਂ ਹਵਾਈ ਅੱਡਿਆਂ, ਬੰਦਰਗਾਹਾਂ, ਰੇਲਾਂ, ਸੜਕਾਂ, ਪੁਲਾਂ ਅਤੇ ਬੱਸਾਂ ਦਾ ਆਧੁਨਿਕੀਕਰਨ ਕੀਤਾ ਹੈ। ਹਾਈ ਸਪੀਡ ਨੈੱਟ ਉਪਲਬਧ ਕਰਵਾਇਆ ਗਿਆ ਹੈ। ਅਸੀਂ ਦੇਸ਼ ਨੂੰ ਇਕੱਠੇ ਕੀਤਾ ਹੈ। ਅਸੀਂ ਅਰਥਵਿਵਸਥਾ ਦੇ ਵਾਧੇ ਲਈ ਬਹੁਤ ਸਖ਼ਤ ਮਿਹਨਤ ਵੀ ਕੀਤੀ ਹੈ। ਇਸ ਮੌਕੇ ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ 50 ਸਾਲਾਂ ਵਿਚ ਅਮਰੀਕਾ ਨੂੰ ਸਭ ਤੋਂ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਇਸ ਦੇ ਬਦਲੇ ਵਿਚ ਉਸ ਨੂੰ ਅਮਰੀਕੀਆਂ ਤੋਂ ਲੱਖਾਂ ਪ੍ਰਸ਼ੰਸਕ ਮਿਲੇ ਹਨ। ਉਨ੍ਹਾਂ ਕਿਹਾ ਕਿ ਕਮਲਾ ਹੈਰਿਸ ਅਤੇ ਟਿਮ ਵਾਲਜ਼ ਹੁਣ ਤੋਂ ਆਪਣੀ ਡਿਊਟੀ ਜਾਰੀ ਰੱਖਣਗੇ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਸਰਵੋਤਮ ਵਾਲੰਟੀਅਰ ਵਜੋਂ ਉਨ੍ਹਾਂ ਦੇ ਨਾਲ ਕੰਮ ਕਰਨਗੇ।