ਨਵੀਂ ਦਿੱਲੀ, 9 ਅਗਸਤ (ਪੰਜਾਬ ਮੇਲ)- ਇਥੇ ਲੋਕ ਸਭਾ ‘ਚ ਪ੍ਰਸ਼ਨ ਕਾਲ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਰੂਸੀ ਫੌਜ ਵਿਚ ਭਰਤੀ 69 ਭਾਰਤੀਆਂ ਦੀ ਵਾਪਸੀ ਦੀ ਉਡੀਕ ਕਰ ਰਹੀ ਹੈ। ਲੋਕ ਸਭਾ ਵਿਚ ਬੋਲਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਭਾਰਤੀ ਨਾਗਰਿਕਾਂ ਦੀ ਰੂਸੀ ਫੌਜ ਵਿਚ ਭਰਤੀ ਸਮੇਤ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਵਿਚ ਨਾਗਰਿਕਾਂ ਦੀ ਸਾਈਬਰ ਅਪਰਾਧ ਤਸਕਰੀ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ਵਿਚ ਇਹ ਸੰਕੇਤ ਮਿਲੇ ਹਨ ਕਿ ਭਾਰਤੀ ਨਾਗਰਿਕਾਂ ਨੂੰ ਰੂਸੀ ਫੌਜ ‘ਚ ਭਰਤੀ ਲਈ ਗੁੰਮਰਾਹ ਕੀਤਾ ਗਿਆ ਸੀ। ਰੂਸੀ ਫੌਜ ਵਿਚ ਭਾਰਤੀ ਨਾਗਰਿਕਾਂ ਦੇ ਭਰਤੀ ਹੋਣ ਦੇ ਹੁਣ ਤੱਕ ਕੁੱਲ 91 ਮਾਮਲੇ ਸਾਹਮਣੇ ਆਏ ਹਨ। ਜੈਸ਼ੰਕਰ ਨੇ ਪ੍ਰਸ਼ਨ ਕਾਲ ਦੌਰਾਨ ਕਿਹਾ ਕਿ ਉਨ੍ਹਾਂ ਵਿਚੋਂ ਅੱਠ ਦੀ ਮੌਤ ਹੋ ਗਈ ਹੈ, 14 ਨੂੰ ਛੁੱਟੀ ਦੇ ਦਿੱਤੀ ਗਈ ਹੈ ਜਾਂ ਵਾਪਸ ਭੇਜ ਦਿੱਤਾ ਗਿਆ ਹੈ ਅਤੇ 69 ਨਾਗਰਿਕਾਂ ਦੀ ਵਾਪਸੀ ਦੀ ਉਡੀਕ ਹੈ।