#PUNJAB

ਰਵਨੀਤ ਬਿੱਟੂ ਦੇ ਮਾਮਿਆਂ ਨੂੰ ਕਾਂਗਰਸ ‘ਚੋਂ ਕੱਢਿਆ

ਮਾਛੀਵਾੜਾ, 8 ਅਗਸਤ (ਪੰਜਾਬ ਮੇਲ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਮਾਮਾ ਤੇਜਿੰਦਰ ਸਿੰਘ ਕੂੰਨਰ ਸਾਬਕਾ ਚੇਅਰਮੈਨ ਸਹਿਕਾਰੀ ਬੈਂਕ ਲੁਧਿਆਣਾ ਅਤੇ ਰਾਜਵੰਤ ਸਿੰਘ ਕੂਨਰ ਸਾਬਕਾ ਚੇਅਰਮੈਨ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਰਾਜਾ ਵੜਿੰਗ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਦੋਵਾਂ ਆਗੂਆਂ ਨੂੰ ਸਾਲ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਉਮੀਦਵਾਰ ਦਾ ਵਿਰੋਧ ਕਰਨ, ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਕਾਂਗਰਸ ‘ਚੋਂ ਕੱਢਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਚੋਣ ਲੜੀ ਸੀ ਅਤੇ ਬਿੱਟੂ ਦੇ ਮਾਮਿਆਂ ਰਾਜਵੰਤ ਸਿੰਘ ਕੂਨਰ ਤੇ ਤੇਜਿੰਦਰ ਸਿੰਘ ਕੂਨਰ ਨੇ ਲੁਧਿਆਣਾ ਵਿਚ ਆਪਣੇ ਭਾਣਜੇ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਸੀ। ਇਸ ਤੋਂ ਇਲਾਵਾ ਵੜਿੰਗ ਨੇ ਕਾਂਗਰਸ ਦੇ ਟਕਸਾਲੀ ਪਰਿਵਾਰ ਨਾਲ ਸਬੰਧਤ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਤੇ ਪਾਰਟੀ ਦੇ ਜ਼ਿਲ੍ਹਾ ਉਪ ਪ੍ਰਧਾਨ ਕੁਲਵਿੰਦਰ ਸਿੰਘ ਮਾਣੇਵਾਲ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਮਾਮਾ ਤੇਜਿੰਦਰ ਸਿੰਘ ਕੂਨਰ ਨੇ ਕਾਂਗਰਸ ਪਾਰਟੀ ਵੱਲੋਂ ਕੱਢੇ ਜਾਣ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, ”ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਹ ਬੜਾ ਹਾਸੋਹੀਣਾ ਪੱਤਰ ਹੈ ਕਿਉਂਕਿ ਅਸੀਂ ਤਾਂ ਹੁਣ ਕਾਂਗਰਸ ਪਾਰਟੀ ਦੇ ਮੈਂਬਰ ਹੀ ਨਹੀਂ, ਇਸ ਲਈ ਪ੍ਰਧਾਨ ਇਹ ਦੱਸੇ ਕਿ ਸਾਨੂੰ ਕਿਸ ‘ਚੋਂ ਕੱਢਿਆ ਗਿਆ ਹੈ।” ਕੂਨਰ ਨੇ ਕਿਹਾ ਕਿ ਕਾਂਗਰਸ ਪਾਰਟੀ ‘ਚੋਂ ਕੱਢਣ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ।