#AMERICA

ਮੈਂ ਕਿਸਮਤ ਅਤੇ ਰੱਬ ਦੀ ਕਿਰਪਾ ਨਾਲ ਬਚ ਗਿਆ : ਟਰੰਪ

ਵਾਸ਼ਿੰਗਟਨ, 15 ਜੁਲਾਈ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਨਸਿਲਵੇਨੀਆ ਵਿਚ ਇੱਕ ਚੋਣ ਰੈਲੀ ਵਿਚ ਉਸ ਉੱਤੇ ਹੋਏ ਘਾਤਕ ਹਮਲੇ ਤੋਂ ਬਾਅਦ ਕਿਹਾ ਹੈ ਕਿ ”ਮੌਤ ਤੈਅ ਕਰ ਦਿੱਤੀ ਗਈ ਸੀ” ਅਤੇ ਇਸ ਘਟਨਾ ਨੂੰ ”ਅਜੀਬ ਤਜਰਬਾ” ਦੱਸਿਆ। ਘਟਨਾ ਤੋਂ ਬਾਅਦ ਆਪਣੇ ਪਹਿਲੇ ਇੰਟਰਵਿਊ ਵਿਚ 78 ਸਾਲਾ ਸਾਬਕਾ ਰਾਸ਼ਟਰਪਤੀ ਨੇ ਅਮਰੀਕੀ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ”ਕਿਸਮਤ ਜਾਂ ਰੱਬ ਦੀ ਕਿਰਪਾ” ਨਾਲ ਬਚ ਗਏ ਹਨ।
ਸੋਮਵਾਰ ਤੋਂ ਸ਼ੁਰੂ ਹੋ ਰਹੇ ‘ਰਿਪਬਲਿਕਨ ਨੈਸ਼ਨਲ ਕਨਵੈਨਸ਼ਨ’ ਲਈ ਮਿਲਵਾਕੀ ਜਾਂਦੇ ਸਮੇਂ ‘ਨਿਊਯਾਰਕ ਪੋਸਟ’ ਨਾਲ ਗੱਲ ਕਰਦਿਆਂ ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਕਿਹਾ, ”ਮੇਰੇ ਬਾਰੇ ਇਹ ਮੰਨਿਆ ਜਾ ਰਿਹਾ ਸੀ ਕਿ ਮੈਂ ਇੱਥੇ ਨਹੀਂ ਰਹਾਂਗਾ, ਮੇਰੀ ਮੌਤ ਤੈਅ ਕਰ ਦਿੱਤੀ ਗਈ ਸੀ।”
ਕਾਨਫਰੰਸ ਵਿਚ ਉਨ੍ਹਾਂ ਨੂੰ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਪਾਰਟੀ ਵੱਲੋਂ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ”ਸਭ ਤੋਂ ਅਦਭੁੱਤ ਗੱਲ ਇਹ ਸੀ ਕਿ ਮੈਂ ਨਾ ਸਿਰਫ ਆਪਣਾ ਸਿਰ ਘੁਮਾਇਆ, ਸਗੋਂ ਇਸ ਨੂੰ ਸਹੀ ਸਮੇਂ ਅਤੇ ਸਹੀ ਮਾਤਰਾ ਵਿਚ ਮੋੜਿਆ”। ਉਸ ਨੇ ਇਹ ਵੀ ਕਿਹਾ ਕਿ ਜਿਸ ਗੋਲੀ ਨੇ ਉਸ ਦੇ ਕੰਨ ਨੂੰ ਚੀਰ ਦਿੱਤਾ, ਉਹ ਆਸਾਨੀ ਨਾਲ ਉਸ ਦੀ ਮੌਤ ਬਣ ਸਕਦੀ ਸੀ। ਟਰੰਪ ਨੇ ਕਿਹਾ, ”ਮੇਰੀ ਮੌਤ ਤੈਅ ਸੀ, ਮੰਨਿਆ ਜਾ ਰਿਹਾ ਸੀ ਕਿ ਮੈਂ ਇੱਥੇ ਨਹੀਂ ਹੋਵਾਂਗਾ।” ਉਸਨੇ ਪੂਰੀ ਘਟਨਾ ਨੂੰ ”ਅਜੀਬ ਤਜਰਬਾ” ਦੱਸਿਆ।
ਜ਼ਿਕਰਯੋਗ ਹੈ ਕਿ ਹਮਲੇ ‘ਚ ਇਕ ਦਰਸ਼ਕ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਉਨ੍ਹਾਂ ‘ਤੇ ਹਮਲਾ ਕਰਨ ਵਾਲਾ 20 ਸਾਲਾ ਬੰਦੂਕਧਾਰੀ, ਜਿਸਦਾ ਨਾਂ ਥਾਮਸ ਮੈਥਿਊ ਕਰੂਕਸ ਮਾਰਿਆ ਗਿਆ।
‘ਨਿਊਯਾਰਕ ਪੋਸਟ’ ਨਾਲ ਗੱਲਬਾਤ ਦੌਰਾਨ ਟਰੰਪ ਨੇ ਆਪਣੇ ਸੱਜੇ ਕੰਨ ‘ਤੇ ਸਫ਼ੈਦ ਪੱਟੀ ਬੰਨ੍ਹੀ ਹੋਈ ਸੀ, ਪਰ ਉਨ੍ਹਾਂ ਦੇ ਸਹਿਯੋਗੀਆਂ ਨੇ ਕੋਈ ਫੋਟੋ ਨਹੀਂ ਖਿੱਚਣ ਦਿੱਤੀ। ਟਰੰਪ ਨੇ ਕਿਹਾ ”ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਉਸਨੇ ਪਹਿਲਾਂ ਕਦੇ ਅਜਿਹਾ ਨਹੀਂ ਦੇਖਿਆ ਸੀ, ਉਸਨੇ ਇਸਨੂੰ ਇੱਕ ਚਮਤਕਾਰ ਦੱਸਿਆ”। ਉਸਨੇ ਕਿਹਾ, ”ਕਿਸਮਤ ਨਾਲ ਜਾਂ ਰੱਬ ਦੀ ਕਿਰਪਾ ਨਾਲ… ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਰੱਬ ਦੀ ਕਿਰਪਾ ਨਾਲ ਮੈਂ ਅਜੇ ਵੀ ਇੱਥੇ ਜਿਊਂਦਾ ਹਾਂ।”
ਆਪਣੀ ਫੋਟੋ ਵੱਲ ਇਸ਼ਾਰਾ ਕਰਦੇ ਹੋਏ ਟਰੰਪ ਨੇ ਕਿਹਾ, ”ਲੜੋ। ਇਸ ਤਸਵੀਰ ‘ਚ ਉਹ ਮੁੱਠੀ ਬੰਨ੍ਹੀ ਨਜ਼ਰ ਆ ਰਹੇ ਹਨ ਅਤੇ ਉਸ ਦੇ ਚਿਹਰੇ ‘ਤੇ ਖੂਨ ਦੀਆਂ ਬੂੰਦਾਂ ਨਜ਼ਰ ਆ ਰਹੀਆਂ ਹਨ। ਟਰੰਪ ਨੇ ਕਿਹਾ, ”ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੇ ਇੰਨੀ ਪ੍ਰਭਾਵਸ਼ਾਲੀ ਤਸਵੀਰ ਪਹਿਲਾਂ ਕਦੇ ਨਹੀਂ ਦੇਖੀ ਹੈ। ਉਸਨੇ ਕਿਹਾ, ”ਉਹ ਸਹੀ ਹਨ ਅਤੇ ਮੈਂ ਨਹੀਂ ਮਰਿਆ। ਟਰੰਪ ਨੇ ਅਖਬਾਰ ਨੂੰ ਦੱਸਿਆ ਕਿ ਉਹ ਗੋਲੀਬਾਰੀ ਤੋਂ ਬਾਅਦ ਬੋਲਣਾ ਜਾਰੀ ਰੱਖਣਾ ਚਾਹੁੰਦਾ ਸੀ ਪਰ ਸੀਕਰੇਟ ਸਰਵਿਸ ਨੇ ਉਸ ‘ਤੇ ਹਸਪਤਾਲ ਜਾਣ ਲਈ ਦਬਾਅ ਪਾਇਆ।”