ਕੈਨਬਰਾ, 4 ਜੂਨ (ਪੰਜਾਬ ਮੇਲ)- ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ‘ਚ ਘੱਟੋ-ਘੱਟ 12 ਮਹੀਨਿਆਂ ਤੋਂ ਰਹਿ ਚੁੱਕੇ ਵਿਦੇਸ਼ੀ 2025 ਤੋਂ ਦੇਸ਼ ਦੀ ਹਥਿਆਰਬੰਦ ਸੈਨਾ ‘ਚ ਸ਼ਾਮਲ ਹੋਣ ਦੇ ਯੋਗ ਹੋਣਗੇ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਰੱਖਿਆ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲੇਸ ਅਤੇ ਰੱਖਿਆ ਕਰਮਚਾਰੀ ਮੰਤਰੀ ਮੈਟ ਕੀਓਗ ਨੇ ਮੰਗਲਵਾਰ ਨੂੰ ਕੈਨਬਰਾ ਵਿਚ ਇਸ ਪਹਿਲਕਦਮੀ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਨਾਲ ਆਸਟ੍ਰੇਲੀਅਨ ਡਿਫੈਂਸ ਫੋਰਸ (ਏ.ਡੀ.ਐੱਫ.) ਨੂੰ ਵਧਾਉਣ ਵਿਚ ਮਦਦ ਮਿਲੇਗੀ।
ਵਿਸਤ੍ਰਿਤ ਯੋਗਤਾ ਮਾਪਦੰਡਾਂ ਦੇ ਤਹਿਤ ਨਿਊਜ਼ੀਲੈਂਡ ਦੇ ਉਹ ਲੋਕ ਜੋ ਆਸਟ੍ਰੇਲੀਆ ਦੇ ਸਥਾਈ ਨਿਵਾਸੀ ਹਨ ਅਤੇ ਘੱਟੋ-ਘੱਟ 12 ਮਹੀਨਿਆਂ ਤੋਂ ਦੇਸ਼ ਵਿਚ ਰਹਿ ਚੁੱਕੇ ਹਨ, 1 ਜੁਲਾਈ ਤੋਂ ਏ.ਡੀ.ਐੱਫ. ਵਿਚ ਸ਼ਾਮਲ ਹੋ ਸਕਣਗੇ। 2025 ਤੋਂ ਸਮਾਨ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਹੋਰ ਬਾਕੀ ਸਾਰੇ ਦੇਸ਼ਾਂ ਦੇ ਨਾਗਰਿਕ ਵੀ ਏ.ਡੀ.ਐੱਫ. ਵਿਚ ਸੇਵਾ ਕਰਨ ਦੇ ਯੋਗ ਬਣ ਜਾਣਗੇ। ਧਿਆਨ ਦੇਣ ਯੋਗ ਹੈ ਕਿ ਬਿਨੈਕਾਰਾਂ ਨੇ ਪਿਛਲੇ ਦੋ ਸਾਲਾਂ ਵਿਚ ਕਿਸੇ ਵਿਦੇਸ਼ੀ ਫੌਜ ਵਿਚ ਸੇਵਾ ਨਹੀਂ ਕੀਤੀ ਹੋਣੀ ਚਾਹੀਦੀ ਹੈ ਅਤੇ ਉਹ ਏ.ਡੀ.ਐੱਫ. ਦਾਖਲਾ ਮਾਪਦੰਡਾਂ ਅਤੇ ਸੁਰੱਖਿਆ ਲੋੜਾਂ ਦੇ ਅਧੀਨ ਹੋਣਗੇ।
ਕੀਓਗ ਨੇ ਮਾਰਲੇਸ ਦੇ ਨਾਲ ਇੱਕ ਸਾਂਝੇ ਬਿਆਨ ਵਿਚ ਕਿਹਾ ਕਿ ਯੋਗਤਾ ਵਧਾਉਣ ਨਾਲ ਏ.ਡੀ.ਐੱਫ. ਭਰਤੀ ਦੀਆਂ ਕਮੀਆਂ ਨੂੰ ਦੂਰ ਕਰਨ ਵਿਚ ਮਦਦ ਮਿਲੇਗੀ। ਅਪ੍ਰੈਲ ਵਿਚ ਮਾਰਲਸ ਦੁਆਰਾ ਸ਼ੁਰੂ ਕੀਤੀ ਰਾਸ਼ਟਰੀ ਰੱਖਿਆ ਰਣਨੀਤੀ ਅਨੁਸਾਰ 2020-21 ਅਤੇ 2022-23 ਵਿਚਕਾਰ ਭਰਤੀ ਟੀਚਿਆਂ ਦੇ 80 ਪ੍ਰਤੀਸ਼ਤ ਨੂੰ ਪ੍ਰਾਪਤ ਕਰਨ ਤੋਂ ਬਾਅਦ ਏ.ਡੀ.ਐੱਫ. ਨੂੰ ਵਰਤਮਾਨ ਵਿਚ 4,400 ਭਰਤੀ ਕੀਤੇ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।