#EUROPE

ਇੰਗਲੈਂਡ ਅਦਾਲਤ ਵੱਲੋਂ 5 ਪੰਜਾਬੀਆਂ ਸਮੇਤ 1 ਗੋਰੇ ਨੂੰ ਅਗਵਾ ਮਾਮਲੇ ‘ਚ Jail ਦੀ ਸਜ਼ਾ

-2.5 ਲੱਖ ਪੌਂਡ ਦੀ ਫਿਰੌਤੀ ਲਈ ਕੀਤਾ ਸੀ ਨੌਜਵਾਨ ਅਗਵਾ
ਲੰਡਨ, 7 ਮਈ (ਪੰਜਾਬ ਮੇਲ)- ਨਾਟਿੰਘਮ ਕਰਾਊਨ ਕੋਰਟ ਨੇ ਪਰਿਵਾਰ ਦੇ ਵਿਅਕਤੀ ਨੂੰ ਅਗਵਾ ਕਰਨ ਅਤੇ ਬਲੈਕਮੇਲ ਕਰਨ ਦੀ ਸਾਜ਼ਿਸ਼ ਰਚਣ ਦੇ ਦੋਵਾਂ ਮਾਮਲਿਆਂ ਵਿਚ 5 ਪੰਜਾਬੀਆਂ ਅਤੇ ਇਕ ਗੋਰੇ ਨੂੰ ਦੋਸ਼ੀ ਮੰਨਦਿਆਂ ਹਰੇਕ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਨਾਟਿੰਘਮ ਪੁਲਿਸ ਤੋਂ ਡਿਟੈਕਟਿਵ ਚੀਫ਼ ਇੰਸਪੈਕਟਰ ਕਲੇਰ ਡੀਨ ਨੇ ਕਿਹਾ ਕਿ ਇੱਕ ਪਰਿਵਾਰਕ ਵਿਅਕਤੀ ਨੂੰ ਨਾਟਿੰਘਮ ਵਿਚ ਇੱਕ ਘਰ ਵਿਚ ਬੁਲਾਇਆ ਗਿਆ ਸੀ, ਜਿੱਥੇ ਉਸਨੂੰ ਬੰਨ੍ਹ ਕੇ ਉਸਦੀ ਸੁਰੱਖਿਅਤ ਵਾਪਸੀ ਲਈ 250,000 ਪੌਂਡ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ।
ਪੁਲਿਸ ਅਨੁਸਾਰ 43 ਸਾਲਾ ਪੀੜਤ ਆਪਣੇ ਪਿਤਾ ਦੇ 60ਵੇਂ ਜਨਮਦਿਨ ਦੇ ਤੋਹਫ਼ੇ ਲਈ ਹਾਲ ਬੁੱਕ ਕਰਨ ਗਿਆ ਸੀ, ਜਿਥੇ ਉਸ ਨੂੰ ਕਾਲੇ ਅਤੇ ਬਾਲਕਲਾਵ ਕੱਪੜੇ ਪਹਿਨੇ ਦੋ ਵਿਅਕਤੀਆਂ ਨੇ ਉਸ ‘ਤੇ ਹਮਲਾ ਕੀਤਾ ਅਤੇ ਫਿਰ ਬੰਧਕ ਬਣਾ ਲਿਆ। ਜਿਸ ਤੋਂ ਉਨ੍ਹਾਂ ਨੇ ਉਸਦੀ ਪਤਨੀ ਅਤੇ ਪਿਤਾ ਤੋਂ ਵੱਡੀ ਫਿਰੌਤੀ ਦੀ ਮੰਗ ਕੀਤੀ। ਇਸ ਦੌਰਾਨ ਪੁਲਿਸ ਨੇ ਪੀੜਤ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਅਧਿਕਾਰੀਆਂ ਅਤੇ ਜਾਸੂਸਾਂ ਦੀਆਂ ਸੇਵਾਵਾਂ ਨਾਲ 32 ਘੰਟੇ ਵਿਚ ਮਾਮਲਾ ਹੱਲ ਕਰ ਲਿਆ।
ਅਗਵਾਕਾਰ ਪੁਲਿਸ ਨੂੰ ਵੇਖ ਪੀੜਤ ਨੂੰ ਗੌਥੌਰਨ ਸਟ੍ਰੀਟ ਵਿਚ ਬਾਹਾਂ ਬੰਨ੍ਹ, ਚਿਹਰੇ ਨੂੰ ਡਕਟ ਟੇਪ ਨਾਲ ਢੱਕਿਆ ਹੋਇਆ ਨੂੰ ਇੱਕ ਵਾਹਨ ਤੋਂ ਬਾਹਰ ਸੁੱਟ ਗਏ। ਜਿਸ ਤੋਂ ਬਾਅਦ ਉਸ ਦਾ ਇਲਾਜ ਕਰਵਾ ਕੇ ਉਸ ਨੂੰ ਘਰ ਭੇਜ ਦਿੱਤਾ ਗਿਆ। ਜਾਸੂਸਾਂ ਨੇ ਸ਼ੱਕੀ ਵਿਅਕਤੀਆਂ ਦਾ ਪਤਾ ਲਗਾਉਣ ਲਈ ਆਟੋਮੇਟਿਡ ਨੰਬਰ ਪਲੇਟ ਰੀਕੋਗਨੀਸ਼ਨ ਕੈਮਰਿਆਂ ਰਾਹੀਂ ਫੋਨ ਡਾਟਾ ਦੀ ਵਿਆਪਕ ਪੁੱਛਗਿੱਛ ਅਤੇ ਵਾਹਨਾਂ ਦੀ ਲਗਾਤਾਰ ਗਤੀਵਿਧੀ ‘ਤੇ ਨਜ਼ਰ ਰੱਖ ਕੇ ਸਾਰੇ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਨਾਟਿੰਘਮ ਕਰਾਊਨ ਕੋਰਟ ਨੇ ਪਰਿਵਾਰ ਦੇ ਵਿਅਕਤੀ ਨੂੰ ਅਗਵਾ ਕਰਨ ਅਤੇ ਬਲੈਕਮੇਲ ਕਰਨ ਦੀ ਸਾਜ਼ਿਸ਼ ਰਚਣ ਦੇ ਦੋਵਾਂ ਮਾਮਲਿਆਂ ਵਿਚ 58 ਸਾਲਾ ਦਰਸ਼ਨ ਰਾਠੂਰ ਨੂੰ 16 ਸਾਲ ਦੀ ਸਜ਼ਾ, 30 ਸਾਲਾ ਸਿਰਵਾਨ ਰਾਠੂਰ ਨੂੰ 13 ਸਾਲ ਦੀ ਸਜ਼ਾ, 34 ਸਾਲਾ ਇੰਦਰਪਾਲ ਸਿੰਘ ਨੂੰ 14 ਸਾਲ ਦੀ ਸਜ਼ਾ, ਜੈਮੀ ਰੈਗੇਟ ਨੂੰ 12 ਸਾਲ ਦੀ ਸਜ਼ਾ, 56 ਸਾਲਾ ਨਰਵੀਰ ਸਿੰਘ ਨੂੰ ਛੇ ਸਾਲ ਦੀ ਸਜ਼ਾ, 39 ਸਾਲਾ ਖਾਲਸਾ ਜੋਗਾ ਸਿੰਘ-ਦਿਗਪਾਲ ਨੂੰ 18 ਸਾਲ ਦੀ ਸਜ਼ਾ ਸੁਣਾਈ ਗਈ।