#AMERICA

ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਤੀਜੀ ਵਾਰ ਕਰੇਗੀ ਪੁਲਾੜ ਯਾਤਰਾ

-6 ਮਈ ਨੂੰ ਬੋਇੰਗ ਦੇ ਕੈਪਸੂਲ ‘ਚ ਪੁਲਾੜ ਵਿਚ ਜਾਵੇਗੀ
ਨਿਊਯਾਰਕ, 25 ਅਪ੍ਰੈਲ (ਪੰਜਾਬ ਮੇਲ)- ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ 6 ਮਈ ਨੂੰ ਆਪਣੀ ਤੀਜੀ ਪੁਲਾੜ ਯਾਤਰਾ ‘ਤੇ ਜਾਵੇਗੀ। ਉਹ ਬੋਇੰਗ ਦੇ ਸਟਾਰਲਾਈਨਰ ਕੈਲਿਪਸੋ ਮਿਸ਼ਨ ਦਾ ਹਿੱਸਾ ਹੋਵੇਗੀ। ਅਮਰੀਕੀ ਪੁਲਾੜ ਏਜੰਸੀ ਨਾਸਾ ਮੁਤਾਬਕ ਮਿਸ਼ਨ ਲਈ 2 ਸੀਨੀਅਰ ਵਿਗਿਆਨੀਆਂ ਬੁਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਨੂੰ ਚੁਣਿਆ ਗਿਆ ਹੈ।
ਵਰਤਮਾਨ ਵਿਚ, ਸੁਨੀਤਾ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਵਿਚ ਚਾਲਕ ਦਲ ਦੀ ਉਡਾਣ ਟੈਸਟ ਮਿਸ਼ਨ ਪਾਇਲਟ ਵਜੋਂ ਸਿਖਲਾਈ ਲੈ ਰਹੀ ਹੈ। ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਨੂੰ 6 ਮਈ ਨੂੰ ਰਾਤ 10:34 ਵਜੇ ਅਲਾਇੰਸ ਐਟਲਸ ਵੀ ਰਾਕੇਟ ‘ਤੇ ਲਾਂਚ ਕੀਤਾ ਜਾਵੇਗਾ। ਇਸ ਮਿਸ਼ਨ ਲਈ ਨਾਸਾ ਦੀ ਮਦਦ ਲਈ ਗਈ ਹੈ।
ਅਮਰੀਕਾ ਦੀ ਪੁਲਾੜ ਏਜੰਸੀ 25 ਅਪ੍ਰੈਲ ਨੂੰ ਪੁਲਾੜ ਯਾਨ ਬਾਰੇ ਪੂਰੀ ਜਾਣਕਾਰੀ ਸਾਂਝੀ ਕਰੇਗੀ। ਪੁਲਾੜ ਏਜੰਸੀ ਮੁਤਾਬਕ ਪੁਲਾੜ ਯਾਨ ਨੂੰ ਫਲੋਰੀਡਾ ਦੇ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ਦੇ ਸਪੇਸ ਲਾਂਚ ਕੰਪਲੈਕਸ-41 ਤੋਂ ਲਾਂਚ ਕੀਤਾ ਜਾਵੇਗਾ।
ਦੋਵੇਂ ਯਾਤਰੀ ਦੋ ਹਫ਼ਤਿਆਂ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਵਿਚ ਰੁਕਣਗੇ। ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦਰਅਸਲ, ਇਸ ਤੋਂ ਪਹਿਲਾਂ ਇਸ ਪੁਲਾੜ ਯਾਨ ਨੇ ਜੁਲਾਈ 2022 ਵਿਚ ਰਵਾਨਾ ਹੋਣਾ ਸੀ, ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਇਕ ਸਾਲ ਲਈ ਟਾਲ ਦਿੱਤਾ ਗਿਆ ਸੀ।